Drug War: ਪਾਕਿਸਤਾਨ 'ਤੇ ਭੜਕੇ ਰਾਜਪਾਲ, ਕਿਹਾ ਪਾਕਿ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ, ਸਾਡੀ ਜਵਾਨੀ ਖ਼ਤਮ ਕਰਨ ਲਈ ਨਸ਼ੇ ਭੇਜ ਰਿਹਾ
Pakistan sending drugs - ਇੰਨਾ ਅੱਗੇ ਡਰੋਨ ਨਾਲ ਹੋ ਰਹੀ ਸਮਗਲਿੰਗ ਦੀ ਵੱਡੀ ਚੁਣੌਤੀ ਆਈ ਹੈ, ਜਿਸ ਨਾਲ ਨਿਜੱਠਣ ਲਈ ਸਰਹੱਦੀ ਪੱਟੀ ਉਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਹੱਦ ਦੇ 15 ਕਿਲੋਮੀਟਰ
ਅੰਮ੍ਰਿਤਸਰ - ਪੰਜਾਬ ਪੁਲਿਸ ਸਮੇਤ ਦੇਸ਼ ਦੀ ਸੁਰੱਖਿਆ ਵਿਚ ਲੱਗੀਆਂ ਸਾਰੀਆਂ ਏਜੰਸੀਆਂ ਦੇ ਪੰਜਾਬ ਮੁਖੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸਥਾਰਤ ਮੀਟਿੰਗ ਕਰਨ ਮਗਰੋਂ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਦੱਸਿਆ ਕਿ ਰਾਜ ਵਿਚ ਪੁਲਿਸ ਤੇ ਸੁਰੱਖਿਆ ਏਜੰਸੀਆਂ ਵਿਚ ਬਿਹਤਰ ਤਾਲਮੇਲ ਹੋਣ ਨਾਲ ਨਸ਼ੇ ਦੀ ਬਰਾਮਦਗੀ 50 ਫੀਸਦੀ ਤੱਕ ਵਧੀ ਹੈ।
ਉਨਾਂ ਕਿਹਾ ਕਿ ਹੁਣ ਇੰਨਾ ਅੱਗੇ ਡਰੋਨ ਨਾਲ ਹੋ ਰਹੀ ਸਮਗਲਿੰਗ ਦੀ ਵੱਡੀ ਚੁਣੌਤੀ ਆਈ ਹੈ, ਜਿਸ ਨਾਲ ਨਿਜੱਠਣ ਲਈ ਸਰਹੱਦੀ ਪੱਟੀ ਉਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਹੱਦ ਦੇ 15 ਕਿਲੋਮੀਟਰ ਘੇਰੇ ਅੰਦਰ ਬਣਾਈਆਂ ਗਈਆਂ ਸੁਰੱਖਿਆ ਕਮੇਟੀਆਂ ਦੀ ਕਾਮਯਾਬੀ ਤੋਂ ਬਾਅਦ ਪੂਰੇ ਰਾਜ ਵਿਚ ਅਜਿਹੀਆਂ ਨਾਗਰਿਕ ਸੁਰੱਖਿਆ ਕਮੇਟੀਆਂ ਬਨਾਉਣ ਦੀ ਹਦਾਇਤ ਮੁੱਖ ਸਕੱਤਰ ਪੰਜਾਬ ਨੂੰ ਕੀਤੀ ਗਈ ਹੈ, ਜੋ ਉਨਾਂ ਨੇ ਪ੍ਰਵਾਨ ਕਰ ਲਈ ਹੈ। ਉਨਾਂ ਕਿਹਾ ਕਿ ਸਾਰੇ ਪੰਜਾਬ ਦੇ ਪਿੰਡਾਂ ਵਿਚ 21 ਮੈਂਬਰੀ ਸੁਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਕਿ ਨਸ਼ੇ ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਖਾਤਮੇ ਲਈ ਕੰਮ ਕਰਨਗੀਆਂ।
ਉਨਾਂ ਕਿਹਾ ਕਿ ਨਸ਼ੇ ਦੀ ਹੋ ਰਹੀ ਸਮਗਲਿੰਗ ਪਾਕਿਸਤਾਨ ਦੀ ਦੇਣ ਹੈ, ਜੋ ਕਿ ਸਾਡੇ ਨਾਲ ਸਿੱਧੀ ਲੜਾਈ ਤਾਂ ਕਰ ਨਹੀਂ ਸਕਦਾ, ਪਰ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਨਸ਼ੇ ਦੀ ਸਮਗਲਿੰਗ ਕਰਕੇ ਸਾਡੀ ਪਿੱਠ ਵਿਚ ਵਾਰ ਕਰ ਰਿਹਾ ਹੈ ਅਤੇ ਅਸੀਂ ਸਾਰਿਆਂ ਨੇ ਦੁਸ਼ਮਣ ਦੀ ਇਸ ਚਾਲ ਨੂੰ ਰੋਕਣਾ ਹੈ।
ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਸਮਗਲਿੰਗ ਘੱਟ ਹੋਣ ਤੋਂ ਬਾਅਦ ਵੀ ਨਸ਼ੇ ਦੀ ਆਮਦ ਵਧੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਪਲਾਈ ਸਾਡੇ ਗੁਆਂਢੀ ਰਾਜਾਂ ਦੇ ਰਸਤੇ ਵੀ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਪੁਲਿਸ ਨੂੰ ਗੁਆਂਢੀ ਰਾਜਾਂ ਦੀ ਪੁਲਿਸ ਨਾਲ ਲਗਾਤਾਰ ਸੰਪਰਕ ਰੱਖਣ ਦੀ ਲੋੜ ਹੈ।
ਇਸ ਮੌਕੇ ਇਕ ਪ੍ਰਸ਼ਨ ਦੀ ਉਤਰ ਵਿਚ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ 2024 ਤੱਕ ਨਸ਼ਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਅਸੀਂ ਇਸ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰ ਰਹੇ ਹਾਂ।
ਉਨਾਂ ਕਿਹਾ ਕਿ ਨਸ਼ੇ ਦੇ ਮੁੱਦੇ ਉਤੇ ਅਸੀਂ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਕੰਮ ਕਰ ਰਹੇ ਹਾਂ ਤੇ ਜੋ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਨਸ਼ੇ ਦੇ ਵਪਾਰੀਆਂ ਨਾਲ ਸੰਪਰਕ ਰੱਖਣ ਦਾ ਦੋਸ਼ੀ ਪਾਇਆ ਗਿਆ ਉਸ ਉਤੇ ਉਹੀ ਕਾਰਵਾਈ ਕੀਤੀ ਜਾਵੇਗੀ, ਜੋ ਕਿ ਅਪਰਾਧੀ ਲੋਕਾਂ ਨਾਲ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪੁਲਿਸ ਉਤੇ ਨਸ਼ੇ ਤੇ ਨਾਜਾਇਜ਼ ਮਾਈਨਿੰਗ ਦੇ ਖਾਤਮੇ ਨੂੰ ਲੈ ਕੇ ਕਿਸੇ ਤਰਾਂ ਦਾ ਕੋਈ ਦਬਾਅ ਨਹੀਂ ਹੈ।