ਜ਼ੀਰਕਪੁਰ 'ਚ ਬਲੈਕਆਊਟ, ਮੇਨ ਸਪਲਾਈ ਪੈਨਲਾਂ 'ਚ ਪਾਣੀ ਭਰਨ ਨਾਲ ਬਿਜਲੀ ਠੱਪ
Chandigarh News: ਮੋਹਾਲੀ ਦੇ ਜ਼ੀਰਕਪੁਰ 'ਚ ਬੀਤੇ ਸ਼ਨੀਵਾਰ ਤੋਂ ਬਾਰਸ਼ ਜਾਰੀ ਹੈ। ਮੀਂਹ ਕਾਰਨ ਜਿੱਥੇ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Chandigarh News: ਮੋਹਾਲੀ ਦੇ ਜ਼ੀਰਕਪੁਰ 'ਚ ਬੀਤੇ ਸ਼ਨੀਵਾਰ ਤੋਂ ਬਾਰਸ਼ ਜਾਰੀ ਹੈ। ਮੀਂਹ ਕਾਰਨ ਜਿੱਥੇ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਬਿਜਲੀ ਠੱਪ ਹੈ। ਬਿਜਲੀ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਸੁਸਾਇਟੀਆਂ ਦਾ ਆਪਣਾ ਬੈਕਅਪ ਹੈ, ਉਨ੍ਹਾਂ ਵਿੱਚ ਬੀਤੀ ਰਾਤ ਲੋਕ ਸੁੱਖ ਦੀ ਨੀਂਦ ਸੁੱਤੇ, ਪਰ ਜਿੱਥੇ ਬੈਕਅੱਪ ਨਹੀਂ, ਉੱਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਦੇ ਨਾਲ ਹੀ ਘਰਾਂ ਵਿੱਚ ਲਗਾਏ ਗਏ ਇਨਵਰਟਰ ਵੀ ਬੰਦ ਕਰ ਹੋ ਗਏ ਹਨ। ਅਜਿਹੇ 'ਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab: ਵੰਡ ਵੇਲੇ ਢਾਹੀ ਮਸਜਿਦ ਮੁੜ ਕੀਤੀ ਜਾ ਰਹੀ ਹੈ ਸੁਰਜੀਤ, ਸਿੱਖ ਨੇ ਦਾਨ ਕੀਤੀ ਜ਼ਮੀਨ, ਗੁਰੂਘਰ ਵੀ ਮਦਦ ਲਈ ਆਇਆ ਅੱਗੇ
ਦੱਸ ਦੇਈਏ ਕਿ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਮੇਨ ਸਪਲਾਈ ਦੇ ਪੈਨਲਾਂ 'ਚ ਪਾਣੀ ਭਰ ਜਾਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਅਜੇ ਵੀ ਭਾਰੀ ਮੀਂਹ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੀਐਸਪੀਸੀਐਲ ਦੇ ਕਰਮਚਾਰੀ ਕਿਸੇ ਵੀ ਫਾਲਟ ਨੂੰ ਠੀਕ ਕਰਨ ਵਿੱਚ ਅਸਮਰੱਥ ਹਨ। ਇਸ ਦੇ ਨਾਲ ਹੀ ਪੀਐਸਪੀਸੀਐਲ ਜ਼ੀਰਕਪੁਰ ਵੱਲੋਂ ਜਾਰੀ ਮੋਬਾਈਲ ਹੈਲਪਲਾਈਨ ਨੰਬਰ ’ਤੇ ਵੀ ਕੋਈ ਜਵਾਬ ਨਹੀਂ ਦੇ ਰਿਹਾ। ਪੀਐਸਪੀਸੀਐਲ ਜ਼ੀਰਕਪੁਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਤੱਕ ਮੀਂਹ ਨਹੀਂ ਰੁਕਦਾ, ਉਦੋਂ ਤੱਕ ਨੁਕਸ ਠੀਕ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ ਪੀਐਸਪੀਸੀਐਲ ਦਫ਼ਤਰ ਡਿਫੈਂਸ ਕਲੋਨੀ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ ਹੈ। ਇਸ ਕਰਕੇ ਦਫ਼ਤਰ ਬੰਦ ਕਰਨਾ ਪਿਆ। ਦਫ਼ਤਰ ਵਿੱਚ ਰੱਖੇ ਰਿਕਾਰਡ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀਐਸਪੀਸੀਐਲ ਜ਼ੀਰਕਪੁਰ ਦੇ ਆਪਣੇ ਦਫ਼ਤਰ ਵਿੱਚ ਵੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਭਾਰੀ ਮੀਂਹ ਕਾਰਨ ਜ਼ੀਰਕਪੁਰ ਦੇ ਵੀਆਈਪੀ ਰੋਡ, ਗਾਜ਼ੀਪੁਰ, ਏਕੇਐਸ ਕਲੋਨੀ, ਸਵਾਸਤਿਕ ਵਿਹਾਰ, ਲੋਹਗੜ੍ਹ, ਢਕੋਲੀ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਇਹ ਵੀ ਪੜ੍ਹੋ: Ludhiana News: ਓਵਰ ਫਲੋਅ ਹੋ ਕੇ ਦੋਰਾਹਾ ਨਹਿਰ ਟੁੱਟੀ, ਰਿਹਾਇਸ਼ੀ ਤੇ ਫੌਜੀ ਖੇਤਰਾਂ 'ਚ ਵੜਿਆ ਪਾਣੀ