ਐਕਸਾਈਜ਼ ਵਿਭਾਗ ਵੱਲੋਂ ਸਖਤ ਰੁਖ, ਚੰਡੀਗੜ੍ਹ 'ਚ ਸਸਤੀ ਸ਼ਰਾਬ ਵੇਚਣ 'ਤੇ ਹੋਵੇਗੀ ਕਾਰਵਾਈ, ਲਾਇਸੈਂਸ ਹੋ ਸਕਦਾ ਰੱਦ, ਹਾਈਕੋਰਟ ਨੇ ਆਖੀ ਇਹ ਗੱਲ....
ਬਹੁਤ ਸਾਰੇ ਲੋਕ ਚੰਡੀਗੜ੍ਹ ਜਾਂਦੇ ਹਨ ਤੇ ਸਸਤੀ ਸ਼ਰਾਬ ਲੈ ਕੇ ਆਉਂਦੇ ਹਨ। ਹੁਣ ਐਕਸਾਈਜ਼ ਵਿਭਾਗ ਅਜਿਹੇ ਠੇਕਿਆਂ ਉੱਤੇ ਸਖਤ ਨਜ਼ਰ ਰੱਖੇਗਾ, ਜੋ ਕਿ ਸਸਤੀ ਸ਼ਰਾਬ ਵੇਚ ਰਹੇ ਹਨ। ਜਿਸ ਦੇ ਚੱਲਦੇ ਅਜਿਹੇ ਠੇਕੇਦਾਰਾਂ ਉੱਤੇ ਸਖਤ ਐਕਸ਼ਨ ਹੋ ਸਕਦਾ ਹੈ।

ਚੰਡੀਗੜ੍ਹ 'ਚ ਕੁੱਝ ਠੇਕਿਆਂ ਵੱਲੋਂ ਸਸਤੀ ਸ਼ਰਾਬ ਵੇਚਣ ਦੇ ਮਾਮਲੇ 'ਤੇ ਐਕਸਾਈਜ਼ ਵਿਭਾਗ ਨੇ ਸਖ਼ਤ ਰਵੱਈਆ ਅਖਤਿਆਰ ਕੀਤਾ ਹੈ। ਵਿਭਾਗ ਵੱਲੋਂ ਇਸ ਤਰ੍ਹਾਂ ਦੇ ਠੇਕਿਆਂ ਖ਼ਿਲਾਫ਼ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ-ਸਮੇਂ 'ਤੇ ਅਜਿਹੇ ਠੇਕਿਆਂ ਦੀ ਨਿਗਰਾਨੀ ਕਰਦੇ ਰਹਿਣ। ਜੇ ਕਿਸੇ ਠੇਕੇਦਾਰ ਨੂੰ ਨਿਯਮ ਤੋੜਦੇ ਹੋਏ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਲਾਇਸੈਂਸ ਹੋਏਗਾ ਸਸਪੈਂਡ
ਚੰਡੀਗੜ੍ਹ ਐਕਸਾਈਜ਼ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸਦਾ ਲਾਇਸੈਂਸ ਰੱਦ ਜਾਂ ਨਿਲੰਬਿਤ ਕੀਤਾ ਜਾ ਸਕਦਾ ਹੈ ਅਤੇ ਉਸ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਇਹ ਕਾਰਵਾਈ ਹਾਈਕੋਰਟ ਦੇ ਹੁਕਮਾਂ 'ਤੇ ਕੀਤੀ ਜਾ ਰਹੀ ਹੈ। ਖਰੜ ਜ਼ੋਨ ਦੇ ਠੇਕੇਦਾਰ ਸਟਾਰ ਵਾਈਨਜ਼ ਵੱਲੋਂ ਦਾਇਰ ਕੀਤੀ ਅਰਜ਼ੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਹਨ ਕਿ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਇੱਕ ਹਫ਼ਤੇ ਦੇ ਅੰਦਰ ਸ਼ਿਕਾਇਤ 'ਤੇ ਫ਼ੈਸਲਾ ਕਰਨ। ਨਾਲ ਹੀ ਹਾਈਕੋਰਟ ਨੇ ਕਿਹਾ ਹੈ ਕਿ ਜਿਹੜੇ ਠੇਕੇਦਾਰ ਚੰਡੀਗੜ੍ਹ 'ਚ ਤਹਿ ਕੀਤੀ ਕੀਮਤ ਤੋਂ ਘੱਟ 'ਤੇ ਸ਼ਰਾਬ ਵੇਚ ਰਹੇ ਹਨ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਲਾਈਸੈਂਸ ਹੋਲਡਰਾਂ ਨੂੰ ਆਰਥਿਕ ਨੁਕਸਾਨ
ਜਸਟਿਸ ਦੀਪਕ ਸਿਬਲ ਅਤੇ ਜਸਟਿਸ ਲਪੀਤਾ ਬੈਨਰਜੀ ਦੀ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਹਨ। ਪਟੀਸ਼ਨਰ ਦੀ ਪੱਖੋਂ ਹਾਈਕੋਰਟ ਦੇ ਐਡਵੋਕੇਟ ਰਣਜੀਤ ਸਿੰਘ ਕਾਲੜਾ ਨੇ ਦਲੀਲ ਦਿੱਤੀ ਕਿ ਚੰਡੀਗੜ੍ਹ ਵਿੱਚ ਇੱਕ ਠੇਕਾ ਐਕਸਾਈਜ਼ ਨੀਤੀ ਦੀ ਉਲੰਘਣਾ ਕਰਦਾ ਹੋਇਆ ਸ਼ਰਾਬ ਨੂੰ ਤਹਿ ਕੀਤੇ ਘੱਟੋ-ਘੱਟ ਖੁਦਰਾ ਮੁੱਲ ਤੋਂ ਵੀ ਘੱਟ ਕੀਮਤ 'ਤੇ ਵੇਚ ਰਿਹਾ ਹੈ, ਜਿਸ ਨਾਲ ਖਰੜ ਜ਼ੋਨ ਦੇ ਲਾਈਸੈਂਸ ਹੋਲਡਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਦੋਵੇਂ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਂਝੀ ਮੀਟਿੰਗ ਕਰਕੇ ਇਸ ਸ਼ਿਕਾਇਤ 'ਤੇ ਫ਼ੈਸਲਾ ਕਰਨ। ਸਾਰੇ ਸੰਬੰਧਤ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਅਨੁਸਾਰ ਇੱਕ ਹਫ਼ਤੇ ਦੇ ਅੰਦਰ ਫ਼ੈਸਲਾ ਸੁਣਾਇਆ ਜਾਵੇ।
ਘੱਟ ਰੇਟ 'ਤੇ ਸ਼ਰਾਬ ਵੇਚੀ ਤਾਂ ਹੋਵੇਗੀ ਕਾਰਵਾਈ
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਸਾਰੇ ਲਾਇਸੈਂਸਧਾਰਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸ਼ਰਾਬ ਦਾ ਠੇਕਾ ਤੈਅ ਕੀਤੇ ਗਏ ਘੱਟੋ-ਘੱਟ ਰੇਟ ਤੋਂ ਸਸਤੀ ਸ਼ਰਾਬ ਨਹੀਂ ਵੇਚ ਸਕਦਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ, ਤਾਂ ਉਸ ਦੇ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ, 1914 (ਜੋ ਚੰਡੀਗੜ੍ਹ ਵਿੱਚ ਲਾਗੂ ਹੈ) ਅਧੀਨ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਨੇ ਸਾਰੇ ਸ਼ਰਾਬ ਠੇਕੇਦਾਰਾਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਹਰ ਸ਼ਰਾਬ ਠੇਕੇ ਦੇ ਬਾਹਰ ਕੀਮਤਾਂ ਦੀ ਲਿਸਟ ਸਪਸ਼ਟ ਤੌਰ ‘ਤੇ ਲਗਾਈ ਜਾਵੇ, ਸ਼ਰਾਬ ਸਿਰਫ਼ ਤੈਅ ਕੀਤੇ ਦਾਮਾਂ ‘ਤੇ ਹੀ ਵੇਚੀ ਜਾਵੇ ਅਤੇ ਮਾਲ ਦਾ ਪੂਰਾ ਹਿਸਾਬ-ਕਿਤਾਬ ਸਹੀ ਤਰੀਕੇ ਨਾਲ ਰੱਖਿਆ ਜਾਵੇ। ਇਸ ਤੋਂ ਇਲਾਵਾ, ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸ਼ਰਾਬ ਦੀ ਵਿਕਰੀ, ਡਿਲਿਵਰੀ ਜਾਂ ਵਿਗਿਆਪਨ ਚੰਡੀਗੜ੍ਹ ਦੀ ਸੀਮਾ ਤੋਂ ਬਾਹਰ ਨਾ ਹੋਵੇ।






















