ਖੁਸ਼ਖਬਰੀ! ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵਾਧਾ, ਪਹਿਲੀ ਅਪਰੈਲ ਤੋਂ ਨਵੀਆਂ ਤਨਖਾਹਾਂ ਲਾਗੂ
ਇਹ ਦਰਾਂ 1 ਅਪਰੈਲ 2023 ਤੋਂ 31 ਮਾਰਚ 2024 ਤੱਕ ਲਾਗੂ ਹੋਣਗੀਆਂ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਡੀਸੀ ਰੇਟ ’ਤੇ ਸਰਕਾਰੀ ਤੇ ਸਹਿਕਾਰੀ ਸੰਸਥਾਵਾਂ ਵਿੱਚ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 400 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਦਾ ਵਾਧਾ ਕੀਤਾ ਹੈ।
Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਵੱਖ-ਵੱਖ ਸਰਕਾਰੀ ਤੇ ਸਹਿਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਸੋਧੀਆਂ ਹੋਈਆਂ ਤਨਖਾਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਰਾਂ 1 ਅਪਰੈਲ 2023 ਤੋਂ 31 ਮਾਰਚ 2024 ਤੱਕ ਲਾਗੂ ਹੋਣਗੀਆਂ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਡੀਸੀ ਰੇਟ ’ਤੇ ਸਰਕਾਰੀ ਤੇ ਸਹਿਕਾਰੀ ਸੰਸਥਾਵਾਂ ਵਿੱਚ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 400 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਸੋਧੀਆਂ ਹੋਈਆਂ ਨਵੀਂਆ ਦਰਾਂ ਦਾ ਲਾਭ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਪਬਲਿਕ ਸੈਕਟਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਆਟੋਨੋਮਸੀ ਇਕਾਈਆਂ ਵਿੱਚ ਕੰਮ ਕਰਨ ਵਾਲੇ ਕੱਚੇ ਕਾਮਿਆਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਜਾਂ ਹੋਰਨਾਂ ਸੂਬਿਆਂ ਦੇ ਜਿਹੜੇ ਦਫ਼ਤਰ ਚੰਡੀਗੜ੍ਹ ਵਿੱਚ ਸਥਿਤ ਹਨ, ਉਹ ਵੀ ਇਨ੍ਹਾਂ ਸੋਧੀਆਂ ਹੋਈਆਂ ਦਰਾਂ ਨੂੰ ਅਪਣਾ ਸਕਦੇ ਹਨ। ਇਹ ਰੇਟ ਸਿਰਫ਼ 8 ਘੰਟੇ ਕੰਮ ਕਰਨ ਵਾਲੀ ਸੇਵਾਵਾਂ ਲਈ ਹਨ। ਜੇਕਰ ਕੋਈ ਪਾਰਟ ਟਾਈਮ ਜਾਂ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਦਾ ਹੈ ਤਾਂ ਉਸ ਦੀ ਆਮਦਨ ਵੱਖਰੇ ਤੌਰ ’ਤੇ ਜੋੜੀ ਜਾਵੇਗੀ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਦੇਸ਼ ਅਨੁਸਾਰ ਜਾਨਵਰਾਂ ਦੀ ਦੇਖਭਾਲ, ਸਹਾਇਕ ਮਿਸਤਰੀ, ਨਾਈ, ਕੰਮ ਕਰਨ ਵਾਲੀ ਔਰਤ, ਬਿੱਲਾਂ ਦੀ ਵੰਡ ਕਰਨ ਵਾਲਾ, ਬੱਸਾਂ ਦੀ ਸਫਾਈ ਕਰਨ ਵਾਲਾ, ਗਊਆਂ ਫੜਨ ਵਾਲਾ, ਚੌਕੀਦਾਰ, ਕੁਲੀ, ਸਾਈਕਲ ਮਿਸਤਰੀ, ਦਫ਼ਤਰੀ ਕੰਮਕਾਜ ਵਾਲਾ ਵਿਅਕਤੀ, ਡੀਜ਼ਲ ਪੰਪ ਅਟੈਂਡੈਂਟ, ਕੁੱਤੇ ਫੜਨ ਵਾਲਾ, ਜੂਨੀਅਰ ਵੇਟਰ, ਮਾਲੀ, ਮਜ਼ਦੂਰ ਦੀ ਤਨਖਾਹ 18461 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਇਸੇ ਤਰ੍ਹਾਂ ਕੰਡਕਟਰ ਦੀ ਤਨਖਾਹ 24180 ਰੁਪਏ ਤੋਂ ਵਧਾ ਕੇ 25389 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਇਲੈਕਟ੍ਰੀਸ਼ਨ ਦੀ ਤਨਖਾਹ ਨੂੰ 23393 ਰੁਪਏ ਤੋਂ ਵਧਾ ਕੇ 24563 ਰੁਪਏ ਕਰ ਦਿੱਤਾ ਹੈ। ਫਾਇਰ ਮੈੱਨ ਦੀ ਤਨਖਾਹ ਨੂੰ 24180 ਰੁਪਏ ਤੋਂ ਵਧਾ ਕੇ 26114 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਪਟਵਾਰੀ ਦੀ ਤਨਖਾਹ 26902 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 28250 ਰੁਪਏ, ਸੁਰੱਖਿਆ ਕਰਮੀ ਦੀ ਤਨਖਾਹ 24180 ਰੁਪਏ ਤੋਂ ਵਧਾ ਕੇ 26114 ਰੁਪਏ, ਜੂਨੀਅਰ ਕੋਚ ਦੀ ਦੀ ਤਨਖਾਹ 30189 ਰੁਪਏ ਤੋਂ ਵਧਾਕੇ 31698 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਸਹਾਇਕ ਮੈਨੇਜਰ, ਸਹਾਇਕ ਸੁਰੱਖਿਆ ਅਫਸਰ ਸਣ ਹੋਰ ਵੀ ਕੁਝ ਅਹੁਦਿਆਂ ’ਤੇ ਤਾਇਨਾਤ ਕਾਮਿਆਂ ਦੀ ਤਨਖਾਹ ’ਚ ਕੋਈ ਵਾਧਾ ਨਹੀਂ ਕੀਤਾ ਹੈ।
ਦੱਸ ਦਈਏ ਕਿ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਹਰ ਸਾਲ ਵੱਖ-ਵੱਖ ਸਰਕਾਰੀ ਸਹਿਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਸੋਧ ਕੀਤੀ ਜਾਂਦੀ ਹੈ। ਪਿਛਲੇ ਸਾਲ ਵੀ ਡਿਪਟੀ ਕਮਿਸ਼ਨਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ 400 ਰੁਪਏ ਪ੍ਰਤੀ ਮਹੀਨਾਂ ਤੋਂ ਲੈ ਕੇ 3500 ਰੁਪਏ ਪ੍ਰਤੀ ਮਹੀਨੇ ਤੱਕ ਦਾ ਵਾਧਾ ਕੀਤਾ ਸੀ।