(Source: ECI/ABP News/ABP Majha)
Jalandhar News: ਬਾਰਡਰ ਦੀ ਭੇਂਟ ਚੜ੍ਹਿਆ ਇੱਕ ਹੋਰ ਪੰਜਾਬੀ, ਜਲੰਧਰ ਦੇ ਮੇਜਰ ਨੇ ਅਖਨੂਰ ਬਾਰਡਰ 'ਤੇ ਮਾਰੀ ਖੁਦ ਨੂੰ ਗੋਲੀ
Akhnoor Border: ਜੰਮੂ-ਕਸ਼ਮੀਰ ਦੇ ਅਖਨੂਰ ਬਾਰਡਰ 'ਤੇ ਤਾਇਨਾਤ ਜਲੰਧਰ ਦੇ ਲੱਧੇਵਾਲੀ ਦੇ ਰਹਿਣ ਵਾਲੇ ਮੇਜਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੱਡਾ ਵਜੋਂ ਹੋਈ ਹੈ।
Jalandhar News: ਜੰਮੂ-ਕਸ਼ਮੀਰ ਦੇ ਅਖਨੂਰ ਬਾਰਡਰ 'ਤੇ ਤਾਇਨਾਤ ਜਲੰਧਰ ਦੇ ਲੱਧੇਵਾਲੀ ਦੇ ਰਹਿਣ ਵਾਲੇ ਮੇਜਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੱਡਾ ਵਜੋਂ ਹੋਈ ਹੈ। ਅੱਜ ਮੇਜਰ ਪੱਡਾ ਦੀ ਮ੍ਰਿਤਕ ਦੇਹ ਨੂੰ ਜਲੰਧਰ (Jalandhar) ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮੁਬਾਰਕ ਸਿੰਘ ਦੇ ਨਾਲ ਤਾਇਨਾਤ ਫੌਜ ਦੇ ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੇਜਰ ਪੱਡਾ ਉਨ੍ਹਾਂ ਦੇ ਨਾਲ ਤਾਇਨਾਤ ਸੀ। ਦੋਵਾਂ ਨੇ ਇਕੱਠੇ ਟ੍ਰੇਨਿੰਗ ਕੀਤੀ ਸੀ ਤੇ ਦੋਵੇਂ ਇਕੱਠੇ ਪਾਸ ਆਊਟ ਹੋਏ ਸਨ। ਇਸ ਤੋਂ ਬਾਅਦ ਮੇਜਰ ਮੁਬਾਰਕ ਸਿੰਘ ਪੱਡਾ ਨੂੰ ਸਭ ਤੋਂ ਪਹਿਲਾਂ ਉਤਰਾਖੰਡ ਵਿੱਚ ਤਾਇਨਾਤ ਕੀਤਾ ਗਿਆ। ਫਿਰ ਉਹ ਪੱਛਮੀ ਬੰਗਾਲ ਤੇ ਬਾਅਦ ਵਿੱਚ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸਨ।
ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ
ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੁਬਾਰਕ ਸਿੰਘ ਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਪਰ ਇਹ ਜ਼ਰੂਰ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਰਿਪੋਰਟ ਆਵੇਗੀ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਹਾਸਲ ਜਾਣਕਾਰੀ ਅਨੁਸਾਰ ਮੇਜਰ ਮੁਬਾਰਕ ਸਿੰਘ ਪੱਡਾ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਮੁਬਾਰਕ ਦਾ ਵਿਆਹੁਤਾ ਜੀਵਨ ਵਧੀਆ ਚੱਲ ਰਿਹਾ ਸੀ ਪਰ ਫਿਲਹਾਲ ਉਸ ਦਾ ਕੋਈ ਬੱਚਾ ਨਹੀਂ ਸੀ। ਇਸ ਦੇ ਨਾਲ ਹੀ ਮੁਬਾਰਕ ਸਿੰਘ ਦਾ ਇੱਕ ਭਰਾ ਵੀ ਹੈ, ਜੋ ਭਾਰਤੀ ਹਵਾਈ ਸੈਨਾ ਵਿੱਚ ਹੈ।
ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਮੁਬਾਰਕ ਸਿੰਘ ਨੇ ਅਜਿਹਾ ਕਿਉਂ ਕੀਤਾ। ਉਸ ਨੂੰ ਕੋਈ ਟੈਨਸ਼ਨ ਵੀ ਨਹੀਂ ਸੀ। ਨਾ ਹੀ ਮੁਬਾਰਕ ਸਿੰਘ ਨੇ ਕਦੇ ਅਜਿਹੀ ਕੋਈ ਗੱਲ ਸਾਂਝੀ ਕੀਤੀ ਸੀ।
ਮੇਜਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਮਾਰੀ ਖੁਦ ਨੂੰ ਗੋਲੀ
ਸੂਤਰਾਂ ਮੁਤਾਬਕ ਮੇਜਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਆਸਪਾਸ ਦੇ ਜਵਾਨ ਮੌਕੇ 'ਤੇ ਪਹੁੰਚ ਗਏ। ਤੁਰੰਤ ਦਰਵਾਜ਼ਾ ਤੋੜਿਆ ਗਿਆ ਤੇ ਜ਼ਖਮੀ ਮੇਜਰ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਮੁਬਾਰਕ ਸਿੰਘ 28 ਇਨਫੈਂਟਰੀ ਬ੍ਰਿਗੇਡ ਸੁੰਦਰਬਨੀ ਵਿੱਚ ਤਾਇਨਾਤ ਸੀ।