(Source: ECI/ABP News/ABP Majha)
Ludhiana News: ਦੋਰਾਹਾ 'ਚ ਦਰਦਨਾਕ ਹਾਦਸਾ ! ਛੱਤ ਡਿੱਗਣ ਨਾਲ ਚਾਚਾ ਭਤੀਜੀ ਦੀ ਮੌਤ, 3 ਗੰਭੀਰ ਜ਼ਖ਼ਮੀ
Ludhiana News: ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ।
Ludhiana News: ਖੰਨਾ ਦੇ ਦੋਰਾਹਾ 'ਚ ਖਸਤਾ ਹਾਲਤ ਕੁਆਟਰ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਦੀ ਮੌਤ ਹੋ ਗਈ। ਜਦਕਿ, ਮਾਂ ਸਮੇਤ ਉਸਦੇ ਦੋ ਪੁੱਤਰ ਗੰਭੀਰ ਜਖ਼ਮੀ ਹੋਏ। ਜਾਣਕਾਰੀ ਮੁਤਾਬਕ, ਪ੍ਰਵਾਸੀ ਮਜ਼ਦੂਰ ਨਰੇਸ਼ ਕੁਮਾਰ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਭਰਜਾਈ ਜਪਜੀ ਦੇ ਨਾਲ ਰਹਿੰਦਾ ਸੀ। ਪਰਿਵਾਰ 'ਚ ਨਰੇਸ਼ ਤੇ ਜਪਜੀ ਤੋਂ ਇਲਾਵਾ ਤਿੰਨ ਬੱਚੇ ਸਨ। ਇਹ ਪਰਿਵਾਰ ਦੋਰਾਹਾ ਵਿਖੇ ਕੁਆਟਰਾਂ 'ਚ ਰਹਿੰਦਾ ਸੀ।
ਛੱਤ ਡਿੱਗਣ ਨਾਲ 2 ਦੀ ਮੌਤ, 3 ਗੰਭੀਰ ਜ਼ਖ਼ਮੀ
ਅੱਜ ਤੜਕੇ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ 33 ਸਾਲਾਂ ਦੀ ਜਪਜੀ, ਉਸਦੇ 5 ਸਾਲਾਂ ਦੇ ਪੁੱਤਰ ਗੋਲੂ ਅਤੇ 10 ਸਾਲਾਂ ਦੇ ਪੁੱਤਰ ਵਿੱਕੀ ਨੂੰ ਜ਼ਖ਼ਮੀ ਹਾਲਤ 'ਚ ਖੰਨਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਪਜੀ ਤੇ ਉਸਦੇ 5 ਸਾਲਾਂ ਦੀ ਪੁੱਤ ਦੀ ਹਾਲਤ ਨਾਜ਼ੁਕ ਹੋਣ ਕਰਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ।
ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੁਆਟਰਾਂ ਤੋਂ ਥੋੜ੍ਹੀ ਦੂਰ ਰਹਿੰਦੇ ਹਨ। ਅੱਜ ਸਵੇਰੇ ਜਿਵੇਂ ਹੀ ਪਤਾ ਲੱਗਿਆ ਤਾਂ ਉਹ ਮੌਕੇ 'ਤੇ ਗਏ। ਉਦੋਂ ਤੱਕ ਮਲਬੇ ਚੋਂ ਨਰੇਸ਼ ਕੁਮਾਰ ਤੇ ਬਾਕੀਆਂ ਨੂੰ ਬਾਹਰ ਕੱਢਿਆ ਹੋਇਆ ਸੀ। ਦੂਜੇ ਪਾਸੇ ਨਰੇਸ਼ ਕੁਮਾਰ ਦੀ ਮਾਤਾ ਨੇ ਦੱਸਿਆ ਕਿ ਉਹ ਦੋਰਾਹਾ ਦੇ ਨੇੜੇ ਪਿੰਡ ਜੈਪੁਰਾ ਵਿਖੇ ਰਹਿੰਦੀ ਹੈ। ਜਿਵੇਂ ਹੀ ਉਸਨੂੰ ਸੂਚਨਾ ਮਿਲੀ ਤਾਂ ਉਹ ਕੁਆਟਰਾਂ 'ਚ ਪਹੁੰਚੀ। ਉਥੇ ਦੇਖਿਆ ਕਿ ਉਸਦੇ ਪੁੱਤ ਦੀ ਮੌਤ ਹੋ ਚੁੱਕੀ ਸੀ। ਨਰੇਸ਼ ਕੁਮਾਰ ਦੀ ਮਾਂ ਅਨੁਸਾਰ ਥੋੜ੍ਹੇ ਦਿਨ ਪਹਿਲਾਂ ਵੀ ਕੁਆਟਰ ਦੀ ਛੱਤ ਡਿੱਗਣ ਲੱਗੀ ਸੀ ਤਾਂ ਨਰੇਸ਼ ਨੇ ਕੋਈ ਸਹਾਰਾ ਲਾ ਕੇ ਪਰਿਵਾਰ ਨੂੰ ਬਚਾਇਆ। ਕੁੱਝ ਦਿਨਾਂ ਪਹਿਲਾਂ ਗਾਡਰ ਡਿੱਗ ਗਿਆ ਸੀ।
ਹਾਦਸੇ ਦੀ ਜਾਂਚ ਲਈ ਪੁੱਜੇ ਏਐਸਆਈ ਸੁਲੱਖਣ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।