Sangrur News: ਭਗਵੰਤ ਮਾਨ ਸਰਕਾਰ ਬਣਾ ਰਹੀ ਸੂਬੇ 'ਚ 1980 ਵਰਗੇ ਹਾਲਾਤ: ਲੋਗੋਵਾਲ
Sangrur News: ਪੰਜਾਬ ਦੇ ਹਾਲਾਤ ਦਿਨੋ-ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ।
Sangrur News: ਪੰਜਾਬ ਦੇ ਹਾਲਾਤ ਦਿਨੋ-ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਪੁਲਿਸ ਦੇ ਹੱਥ ਖੜ੍ਹੇ ਹਨ, ਲੁੱਟਾਂ-ਖੋਹਾਂ ਤੇ ਕਤਲੋਗਾਰਤ ਜ਼ੋਰਾਂ 'ਤੇ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਲਹਿਰਾਗਾਗਾ ਗੁਰੂ ਘਰ ਵਿਖੇ ਰਜਿੰਦਰ ਸਿੰਘ ਬਿੱਟੂ ਨੂੰ ਰਸੀਵਰ ਨਿਯੁਕਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਮਾਨ ਸਰਕਾਰ 'ਤੇ ਹੋਰ ਸ਼ਬਦੀ ਹਮਲੇ ਕਰਦਿਆਂ ਤੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਵਿੱਚ 1980 ਵਾਲੇ ਹਾਲਾਤ ਬਣਦੇ ਜਾ ਰਹੇ ਹਨ, ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਸੂਬੇ ਦੇ ਲੋਕ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਤੇ ਇੱਕ ਸਾਲ ਦੇ ਸਮੇਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ।
ਲੌਂਗੋਵਾਲ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਇਤਸ਼ਿਹਾਰਬਾਜੀ ਤੇ 700 ਕਰੋੜ ਰੁਪਏ ਖਰਚ ਦਿੱਤੇ ਹਨ ਪਰ ਦੂਜੇ ਪਾਸੇ ਸਿੱਖਿਆ ਤੇ ਸਿਹਤ ਮਹਿਕਮੇ ਦਾ ਬੁਰਾ ਹਾਲ ਹੈ। ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਉੱਤੇ ਫੱਟੇ ਲਾ ਕੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਨਾ ਟੈਸਟ, ਨਾ ਦਵਾਈਆਂ ਨਾ ਹੀ ਪੂਰੇ ਡਾਕਟਰ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਇੱਥੋਂ ਤੱਕ ਸੂਬਾ ਸਰਕਾਰ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਏ ਦਾ ਵੀ ਗਲਾ ਘੁੱਟ ਰਹੀ ਹੈ ਜੋ ਵੀ ਚੈਨਲ ਜਾਂ ਪੱਤਰਕਾਰ ਸੱਚਾਈ ਪੇਸ਼ ਕਰਦਾ ਹੈ ਉਸ ਉਤੇ ਕੇਸ ਬਣਾ ਕੇ ਚੈਨਲ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਗੁਰੂ ਘਰ ਦਾ ਰਸੀਵਰ ਨਿਯੁਕਤ ਕਰਨ ਸਬੰਧੀ ਕਿਹਾ ਕਿ ਪਹਿਲਾਂ ਭਾਈ ਮਨਜੀਤ ਸਿੰਘ ਨੇ ਰਸੀਵਰ ਵਜੋਂ ਵਧੀਆਂ ਸੇਵਾ ਕੀਤੀ ਹੈ। ਹੁਣ ਭਾਈ ਰਜਿੰਦਰ ਸਿੰਘ ਬਿੱਟੂ ਜੋ ਗੁਰੂ ਘਰ ਦੇ ਸੇਵਾਦਾਰ ਵੀ ਹਨ, ਨੂੰ ਰਸੀਵਰ ਨਿਯੁਕਤ ਕੀਤਾ ਹੈ। ਇਸ ਸਮੇਂ ਰਸੀਵਰ ਰਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਜੋ ਗੁਰੂਘਰ ਦੇ ਰਸੀਵਰ ਦੀ ਸੇਵਾ ਮਿਲੀ ਹੈ, ਮੈਂ ਇਸ ਸੇਵਾ ਨੂੰ ਪੂਰੇ ਤਨ ਮਨ ਧਨ ਨਾਲ ਨਿਭਾਵਾਂਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।