ਕਿਉਂ ਪੈਂਦੇ ਨੇ ਪੇਟ 'ਚ ਕੀੜੇ ? ਜਾਣੋ ਇਸਦੇ ਕਾਰਨ ਤੇ ਇਲਾਜ ਬਾਰੇ
ਪੇਟ ਅੰਦਰ ਕਈ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ ਜੋ ਆਮ ਕਰਕੇ ਮੂੰਹ ਦੇ ਰਸਤੇ ਅੰਤੜੀਆਂ ਤੱਕ ਪੁੱਜਦੇ ਹਨ। ਮੱਲ੍ਹਪ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ। ਤਕਨੀਕੀ ਤੌਰ 'ਤੇ ਇਸ ਨੂੰ ਰਾਊਂਡ ਵਰਮ ਵੀ ਕਿਹਾ ਜਾਂਦਾ ਹੈ।
ਚੰਡੀਗੜ੍ਹ : ਪੇਟ ਅੰਦਰ ਕਈ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ ਜੋ ਆਮ ਕਰਕੇ ਮੂੰਹ ਦੇ ਰਸਤੇ ਅੰਤੜੀਆਂ ਤੱਕ ਪੁੱਜਦੇ ਹਨ। ਮੱਲ੍ਹਪ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ। ਤਕਨੀਕੀ ਤੌਰ 'ਤੇ ਇਸ ਨੂੰ ਰਾਊਂਡ ਵਰਮ ਵੀ ਕਿਹਾ ਜਾਂਦਾ ਹੈ। ਮਲੱਹਪ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਹੁੰਦੇ ਹਨ, ਪਰ ਚੀਨ, ਬਰਮਾ, ਪਾਕਿਸਤਾਨ, ਭਾਰਤ, ਸ੍ਰੀਲੰਕਾ, ਨੇਪਾਲ, ਭੂਟਾਨ, ਅਫਰੀਕਾ ਅਤੇ ਹੋਰ ਦੱਖਣ ਪੂਰਬੀ ਦੇਸ਼ਾਂ ਵਿਚ ਇਸ ਦੇ ਵਧੇਰੇ ਮਾਮਲੇ ਵੇਖਣ ਵਿੱਚ ਆਉਂਦੇ ਹਨ।
ਜਿਹੜੇ ਲੋਕ ਆਪਣੀ ਸਾਫ਼-ਸਫ਼ਾਈ ਵੱਲ ਧਿਆਨ ਨਹੀਂ ਦਿੰਦੇ ਜਾਂ ਨਹੀਂ ਦੇ ਸਕਦੇ ਜਿਵੇਂ ਕਿ ਅੱਤ ਦੀ ਗਰੀਬੀ ਵਿੱਚ ਰਹਿਣ ਵਾਲੇ ਬੱਚੇ, ਵੱਡੇ, ਪਾਗਲਖਾਨਿਆਂ ਦੇ ਰੋਗੀ ਜਾਂ ਲੰਮੇ ਸਮੇਂ ਤੋਂ ਅਣ-ਮਨੁੱਖੀ ਵਾਤਾਵਰਨ ਵਿੱਚ ਜੇਲ੍ਹਾਂ ਰੱਖੇ ਜਾਣ ਵਾਲੇ ਕੈਦੀ ਆਦਿ। ਪੂਰਾ ਮੱਲ੍ਹਪ ਇਕ ਗੰਡੋਏ ਵਾਂਗ ਲੱਗਦਾ ਹੈ ਪਰ ਬਾਹਰ ਨਿਕਲਣ ਤੋਂ ਬਾਅਦ ਇਸ ਦਾ ਰੰਗ ਚਿੱਟਾ ਹੋ ਜਾਂਦਾ ਹੈ। ਮਨੁੱਖੀ ਅੰਤੜੀ ਦੇ ਅੰਦਰ ਇਸ (ਮੱਲ੍ਹਪ) ਦੀ ਉਮਰ ਤਕਰੀਬਨ ਇਕ ਸਾਲ ਹੁੰਦੀ ਹੈ। ਇਹ ਦਾ 'ਆਲ੍ਹਣਾ' ਛੋਟੀ ਅੰਤੜੀ ਹੁੰਦਾ ਹੈ ਤੇ ਟੇਪ ਵਰਮ ਤੋਂ ਬਾਅਦ ਪੇਟ ਦੇ ਕੀੜਿਆਂ 'ਚੋਂ ਸਭ ਤੋਂ ਵੱਡੇ ਸਾਈਜ਼ ਦਾ ਹੁੰਦਾ ਹੈ। ਇਹ ਕੀੜੇ ਨਰ ਅਤੇ ਮਾਦਾ ਹੁੰਦੇ ਹਨ। ਨਰ ਛੋਟਾ (15 ਤੋਂ 25 ਸੈਂਟੀਮੀਟਰ) ਤੇ ਮਾਦਾ ਵੱਡੀ (25 ਤੋਂ 40 ਸੈਂਟੀਮੀਟਰ) ਹੁੰਦੀ ਹੈ।
ਮੱਲ੍ਹਪ ਦੇ ਦੋਵੇਂ ਸਿਰੇ ਤਿੱਖੇ ਹੁੰਦੇ ਹਨ। ਮਾਦਾ ਇਕ ਦਿਨ ਵਿੱਚ ਤਕਰੀਬਨ ਦੋ ਲੱਖ ਆਂਡੇ ਦਿੰਦੀ ਹੈ ਜੋ ਬਹੁਤ ਛੋਟੇ ਹੁੰਦੇ ਹਨ ਤੇ ਪਖਾਨੇ ਦੇ ਖੁਰਦਬੀਨੀ ਟੈਸਟ ਨਾਲ ਹੀ ਵੇਖੇ ਜਾ ਸਕਦੇ ਹਨ। ਮੱਲ੍ਹਪ ਦਾ ਪੂਰਾ ਜੀਵਨ ਕਾਲ ਮਨੁੱਖੀ ਸਰੀਰ ਅੰਦਰ ਹੀ ਹੁੰਦਾ ਹੈ। ਖੇਤਾਂ ਵਿਚ ਜੰਗਲ ਪਾਣੀ ਜਾਣ ਨਾਲ ਜਾਂ ਮਨੁੱਖੀ ਗੰਦ ਦੀ ਰੂੜੀ ਵਰਤਣ ਨਾਲ ਜਾਂ ਗੰਦਾ ਪਾਣੀ ਫ਼ਸਲਾਂ ਨੂੰ ਦੇਣ ਨਾਲ ਮੱਲ੍ਹਪਾਂ ਦੇ ਆਂਡੇ, ਸਬਜ਼ੀਆਂ ਜਾਂ ਹੋਰ ਕੱਚੀਆਂ ਖਾਣ ਵਾਲੀਆਂ ਵਸਤਾਂ (ਸਲਾਦ ਆਦਿ) 'ਤੇ ਲੱਗ ਜਾਂਦੇ ਹਨ। ਚੰਗੀ ਤਰ੍ਹਾਂ ਸਾਫ਼ ਨਾ ਕਰਕੇ ਇਨ੍ਹਾਂ ਵਸਤਾਂ ਖਾਣ ਨਾਲ ਮੱਲ੍ਹਪਾਂ ਦੇ ਆਂਡੇ ਮਨੁੱਖ ਅੰਦਰ ਦਖ਼ਲ ਹੋ ਜਾਂਦੇ ਹਨ। ਪੀਣ ਵਾਲੇ ਪਾਣੀ ਵਿਚ ਗੰਦਾ ਪਾਣੀ ਰਲਣ ਨਾਲ ਜਾਂ ਗੰਦ ਵਾਲੀ ਰੂੜੀ ਵਾਲੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੀਆਂ ਉਂਗਲਾਂ ਜਾਂ ਨਹੁੰਆਂ ਰਾਹੀਂ ਵੀ ਇਹ ਆਂਡੇ ਮੂੰਹ ਰਸਤੇ ਅੰਦਰ ਦਾਖ਼ਲ ਹੋ ਜਾਂਦੇ ਹਨ।
ਮਨੁੱਖ ਦੇ ਅੰਦਰ ਪੁੱਜ ਕੇ ਇਹ ਆਂਡੇ ਵਿਕਸਿਤ ਹੁੰਦੇ ਹਨ। ਮਿਹਦੇ ਵਿਚ ਇਸ ਆਂਡੇ ਦਾ ਬਾਹਰਲਾ ਖੋਲ, ਤੇਜ਼ਾਬ ਨਾਲ ਖੁਰ ਜਾਂਦਾ ਹੈ ਤੇ ਛੋਟੀ ਆਂਤ ਤੱਕ ਪੁੱਜਦਿਆਂ ਪੁੱਜਦਿਆਂ ਇਹ ਇਕ ਮਿਲੀਮੀਟਰ ਦੇ ਚੌਥੇ ਹਿੱਸੇ ਦੇ ਸਾਈਜ਼ ਦਾ ਹੋ ਜਾਂਦਾ ਹੈ। ਇਸ ਤੋਂ ਬਾਅਦ ਇਹ ਸਿੱਧੇ ਤੌਰ 'ਤੇ ਸੰਪੂਰਨ ਮੱਲ੍ਹਪ ਦਾ ਰੂਪ ਧਾਰਨ ਨਹੀਂ ਕਰਦਾ, ਸਗੋਂ ਭੋਜਨ ਦੇ ਨਾਲ ਹੀ ਅੰਤੜੀਆਂ 'ਚ ਜਜ਼ਬ ਹੋ ਕੇ ਖ਼ੂਨ ਰਾਹੀਂ ਜਿਗਰ ਵਿਚ ਪੁੱਜਦਾ ਹੈ, ਜਿੱਥੋਂ ਖ਼ੂਨ ਦੇ ਵਹਾਅ ਨਾਲ ਦਿਲ ਵਿਚੋਂ ਹੀ ਹੁੰਦਾ ਹੋਇਆ ਫੇਫੜਿਆਂ ਵਿਚ ਚਲਾ ਜਾਂਦਾ ਹੈ। ਇਥੋਂ ਤੱਕ ਪੁੱਜਣ ਲਈ ਇਸ ਨੂੰ ਦਸ ਤੋਂ ਪੰਦਰਾਂ ਦਿਨ ਲੱਗਦੇ ਹਨ। ਫੇਫੜਿਆਂ ਵਿਚ ਸਾਹ ਨਾਲੀਆਂ ਰਾਹੀਂ ਉਪਰ ਚੜ੍ਹਦਾ ਹੋਇਆ ਵਿਕਸਿਤ ਹੋ ਰਿਹਾ ਇਹ ਆਂਡਾ ਆਵਾਜ਼ ਪੈਦਾ ਕਰਨ ਵਾਲੇ ਅੰਗ (Larynx) 'ਚੋਂ ਹੋ ਕੇ ਭੋਜਨ ਨਾਲੀ ਵਿਚ ਵੜ ਜਾਂਦਾ ਹੈ। ਫਿਰ ਹੇਠਾਂ ਨੂੰ ਮਿਹਦੇ 'ਚੋਂ ਹੋ ਕੇ ਛੋਟੀ ਅੰਤੜੀ ਵਿਚ, ਜੋ ਇਸ ਦੀ ਪੱਕੀ ਰਿਹਾਇਸ਼ ਹੁੰਦੀ ਹੈ, ਜੰਮ ਕੇ ਬਹਿ ਜਾਂਦਾ ਹੈ। ਇੱਥੇ ਛੇ ਤੋਂ ਦਸ ਹਫ਼ਤਿਆਂ ਵਿਚ ਪੂਰੇ ਆਕਾਰ ਦਾ ਨਰ ਜਾਂ ਮਾਦਾ ਮੱਲ੍ਹਪ ਵਿਕਸਿਤ ਹੋ ਜਾਂਦਾ ਹੈ। ਮਾਦਾ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ।ਇਸੇ ਤਰ੍ਹਾਂ ਇਸ ਦਾ ਜੀਵਨ ਚੱਕਰ ਚਲਦਾ ਰਹਿੰਦਾ ਹੈ।
ਅੰਤੜੀਆਂ ਵਿੱਚ ਹੋਣ ਕਰਕੇ ਮੱਲ੍ਹਪਾਂ ਵਾਲੇ ਰੋਗੀ ਦੇ ਲੱਛਣ ਵੀ ਪਾਚਣ ਪ੍ਰਣਾਲੀ ਨਾਲ ਸਬੰਧਤ ਹੁੰਦੇ ਹਨ। ਪੇਟ ਵਿਚ ਥੋੜ੍ਹੀ-ਥੋੜ੍ਹੀ ਦਰਦ ਰਹਿੰਦੀ ਹੈ ਜੋ ਕਦੀ-ਕਦੀ ਕਾਫ਼ੀ ਜ਼ਿਆਦਾ ਵੀ ਹੋ ਜਾਂਦੀ ਹੈ। ਸਾਰੀ ਖ਼ੁਰਾਕ ਤਾਂ ਇਹ ਮੱਲ੍ਹਪ ਹੀ ਖਾ ਜਾਂਦੇ ਹਨ, ਇਸੇ ਕਰਕੇ ਬੱਚੇ ਨੂੰ ਵਧੇਰੇ ਭੁੱਖ ਲਗਦੀ ਹੈ। ਭਾਵੇਂ ਰੋਗੀ ਜੋ ਮਰਜ਼ੀ ਖਾਈ ਜਾਵੇ ਫਿਰ ਵੀ ਕਮਜ਼ੋਰੀ ਤੇ ਭੁੱਖਮਰੀ ਦੇ ਰੋਗੀ ਵਾਂਗ ਕਮਜ਼ੋਰ ਲੱਗਦਾ ਹੈ। ਖ਼ੁਰਾਕੀ ਘਾਟ ਕਰਕੇ ਵਿਟਾਮਿਨ ਏ ਦੀ ਕਮੀ ਦਾ ਲੱਛਣ (ਰਾਤ ਨੂੰ ਅੰਧਰਾਤਾ) ਹੋ ਸਕਦਾ ਹੈ। ਮੱਲ੍ਹਪਾਂ ਦੇ ਜ਼ਹਿਰੀਲੇ ਮਾਦੇ ਕਰਕੇ ਛਪਾਕੀ, ਅੱਖਾਂ ਦੀ ਲਾਲਗੀ ਤੇ ਮੂੰਹ 'ਤੇ ਸੋਜ ਵੀ ਹੋ ਸਕਦੀ ਹੈ।
ਇਨ੍ਹਾਂ ਕੀੜਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਗੁੱਛੇ ਵਾਂਗ ਮਿਹਦੇ ਵਿੱਚ ਇਕੱਠੇ ਹੋ ਜਾਂਦੇ ਹਨ ਤੇ ਉਲਟੀ ਰਾਹੀਂ ਕਿੰਨੇ ਸਾਰੇ ਕੀੜੇ ਨਿਕਲ ਆਉਂਦੇ ਹਨ। ਅਜਿਹੀ ਉਲਟੀ ਦੌਰਾਨ ਕਈ ਵਾਰ ਨੱਕ ਰਸਤੇ ਵੀ ਮੱਲ੍ਹਪ ਨਿਕਲ ਆਉਂਦਾ ਹੈ ਜਾਂ ਫਿਰ ਕੀੜਿਆਂ ਦਾ ਇਹ ਗੁੱਛਾ ਬੰਨ੍ਹ ਪਾ ਦਿੰਦਾ ਹੈ ਤੇ ਐਮਰਜੈਂਸੀ ਵਿੱਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਅਜਿਹਾ ਆਮ ਕਰਕੇ ਬੱਚਿਆਂ 'ਚ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਅੰਤੜੀ ਪਹਿਲਾਂ ਹੀ ਛੋਟੇ ਬੋਰ ਵਾਲੀ ਹੁੰਦੀ ਹੈ।
ਕਈ ਵਾਰ ਇਹ ਕੀਤੇ ਅੰਤੜੀ ਦੇ ਅੰਦਰ ਜ਼ਖ਼ਮ ਕਰਕੇ ਛੇਕ ਕਰ ਦਿੰਦੇ ਹਨ, ਇਹ ਵੀ ਇਕ ਨਾਜ਼ੁਕ ਹਾਲਤ ਹੁੰਦੀ ਹੈ ਤੇ ਰੋਗੀ ਨੂੰ ਐਮਰਜੈਂਸੀ ਵਿਚ ਹਸਪਤਾਲ ਲਿਜਾਣਾ ਪੈਂਦਾ ਹੈ। ਕਈ ਮੱਲ੍ਹਪ ਭੁੱਲ-ਭੁਲੇਖੇ ਅਪੈਂਡਿਕਸ ਵਿੱਚ ਜਾ ਵੜਦੇ ਹਨ, ਜਿਸ ਨਾਲ ਅਸਹਿਣਯੋਗ ਪੇਟ ਦਰਦ ਹੋਣ ਲੱਗਦੀ ਹੈ ਤੇ ਅਪਰੇਸ਼ਨ ਦੀ ਨੌਬਤ ਆ ਜਾਂਦੀ ਹੈ।ਇਨ੍ਹਾਂ ਕੀੜਿਆਂ ਦੇ ਆਂਡੇ ਖ਼ੂਨ ਦੇ ਵਹਾਅ ਨਾਲ ਜਦ ਫੇਫੜਿਆਂ ਵਿੱਚੋਂ ਦੀ ਲੰਘਦੇ ਹਨ ਤਾਂ ਇੱਕ ਤਰ੍ਹਾਂ ਦਾ ਨਿਮੋਨੀਆ ਪੈਦਾ ਕਰ ਦਿੰਦੇ ਹਨ, ਜਿਸ ਨਾਲ ਬੁਖ਼ਾਰ ਤੇ ਖੰਘ ਦੇ ਨਾਲ ਸਾਹ ਵੀ ਚੜ੍ਹਦਾ ਹੈ। ਬਲਗਮ ਵਿੱਚ ਖ਼ੂਨ ਵੀ ਆ ਸਕਦਾ ਹੈ।
ਜਾਂਚ : ਜੇ ਪਖ਼ਾਨੇ ਜਾਂ ਉਲਟੀ ਵਿੱਚ ਸਬੂਤਾ ਮੱਲ੍ਹਪ ਨਿਕਲ ਆਵੇ ਤਾਂ ਕਿਸੇ ਹੋਰ ਜਾਂਚ ਦੀ ਲੋੜ ਹੀ ਨਹੀਂ। ਪਖ਼ਾਨੇ ਦੀ ਖੁਰਦਬੀਨੀ ਜਾਂਚ ਨਾਲ ਇਨ੍ਹਾਂ ਕੀੜਿਆਂ ਦੇ ਆਂਡੇ ਵੇਖੇ ਜਾ ਸਕਦੇ ਹਨ। ਜ਼ਿਆਦਾ ਭੁੱਖ ਲੱਗਣ ਵਾਲੇ, ਕਮਜ਼ੋਰ ਤੇ ਪੇਟ ਦਰਦ ਵਾਲੇ ਬੱਚੇ ਦੇ ਪੇਟ ਦਾ ਇੱਕ ਦਵਾਈ ਪਿਆ ਕੇ ਐਕਸ ਰੇ (2arium Meal Study) ਕਰਨ 'ਤੇ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ। ਰੋਗੀ ਨੂੰ ਦਵਾਈ ਪਿਆਉਣ ਦੇ ਚਾਰ ਤੋਂ ਛੇ ਘੰਟਿਆਂ ਵਿੱਚ ਇਹ ਦਵਾਈ ਕੀੜਿਆਂ ਦੇ ਅੰਦਰ ਦਾਖ਼ਲ ਹੋ ਜਾਂਦੀ ਹੈ ਤੇ ਐਕਸ ਰੇ ਵਿੱਚ ਇਹ ਧਾਗਿਆਂ ਵਰਗੇ ਦਿਸਦੇ ਹਨ।
ਇਲਾਜ : ਕਿਸੇ ਵੀ ਰੋਗ ਵਾਸਤੇ ਆਪਣੇ-ਆਪ ਦਵਾਈ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਪੇਟ ਦੀ ਕੀੜਿਆਂ ਵਾਸਤੇ ਵੀ ਮਾਹਰ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਇਸ ਵਾਸਤੇ ਪਿਪਰਾਜ਼ੀਨ (Piperazine), ਲੇਵਾਮਿਸੋਲ, (Levamisole), ਪਾਇਰੈਂਟਲ (Pyrentel), ਐਲਬੈਂਡਾਜੋਲ (1lbendajole) and ਮੈਬੇਂਡਾਜ਼ੋਲ (Mebendajole) ਆਦਿ ਦਵਾਈਆਂ ਉਪਲਬਧ ਹਨ।
ਚੇਤੰਨਤਾ : ਸਲਾਦ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਕੱਚੀਆਂ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਖਾਣਾ ਚਾਹੀਦਾ ਹੈ। ਘਰ ਅਤੇ ਸਕੂਲ ਵਿੱਚ ਬੱਚਿਆਂ ਨੂੰ ਸਾਫ਼-ਸੁਥਰੇ ਰਹਿਣ, ਨਹੁੰ ਕੱਟ ਕੇ ਰੱਖਣ, ਉਂਗਲਾਂ ਮੂੰਹ ਵਿਚ ਨਾ ਪਾਉਣ ਅਤੇ ਰੋਟੀ ਖਾਣ ਤੋਂ ਪਹਿਲਾਂ ਤੇ ਬਾਅਦ ਵਿਚ ਸਾਬਣ ਨਾਲ ਹੱਥ ਧੋਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਦੰਦਾਂ ਨਾਲ ਨਹੁੰ ਨਹੀਂ ਕੱਟਣੇ ਚਾਹੀਦੇ। ਜਾਂਚ ਦੌਰਾਨ ਰੋਗੀ ਪਾਏ ਜਾਣ ਵਾਲੇ ਵਿਅਕਤੀਆਂ ਦਾ ਮਾਹਰ ਡਾਕਟਰ ਤੋਂ ਮੁਕੰਮਲ ਇਲਾਜ ਕਰਵਾਉਣਾ ਚਾਹੀਦਾ ਹੈ। -ਡਾ. ਮਨਜੀਤ ਸਿੰਘ ਬੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )