ਪੜਚੋਲ ਕਰੋ
ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਪਹਿਲ, ਮੁੱਖ ਮੰਤਰੀ ਨੂੰ ਦਿੱਤੇ ਸੁਝਾਅ

ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੀਆਂ ਪੱਕੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਅਕਸਰ ਆ ਰਹੀਆਂ ਹਨ। ਹਰ ਸਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਪਰ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਅੱਜ ਪੰਜਾਬੀ ਕਲਚਰਲ ਕੌਂਸਲ ਨੇ ਇਹ ਸਮੱਸਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਈ ਹੈ। ਪੰਜਾਬੀ ਕਲਚਰਲ ਕੌਂਸਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਕਣਕਾਂ ਨੂੰ ਸੜਨ ਤੋਂ ਬਚਾਉਣ ਵਾਸਤੇ ਪਾਵਰਕੌਮ, ਪੰਚਾਇਤਾਂ, ਸਹਿਕਾਰਤਾ ਤੇ ਮਾਲ ਵਿਭਾਗ ਸਮੇਤ ਹੋਰ ਅਦਾਰਿਆਂ ਨੂੰ ਕਣਕ ਪੱਕਣ ਤੋਂ ਦੋ ਮਹੀਨੇ ਪਹਿਲਾਂ ਹੀ ਅਗਾਊਂ ਪ੍ਰਬੰਧਾਂ ਲਈ ਚੌਕਸ ਕੀਤਾ ਜਾਵੇ। ਇਸ ਨਾਲ ਕਣਕਾਂ ਵੱਢਣ ਤੋਂ ਪਹਿਲਾਂ ਹੀ ਬਚਾਓ ਸਬੰਧੀ ਪੱਕੇ ਪ੍ਰਬੰਧ ਕੀਤੇ ਜਾ ਸਕਣਗੇ ਤੇ ਸਰਕਾਰ ਵੱਡੇ ਮੁਆਵਜ਼ੇ ਦੇਣ ਤੋਂ ਬਚ ਸਕੇਗੀ। ਪੰਜਾਬੀ ਕਲਚਰਲ ਕੌਂਸਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਕੱਤਰ ਹਰਮਨ ਸਿੰਘ ਬੁਟਾਹਰੀ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਸਰਕਾਰ ਨੂੰ ਆਖਿਆ ਹੈ ਕਿ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਰਮਰਾਂ ਦੇ ਆਲੇ-ਦੁਆਲੇ ਦਸ ਫੁੱਟ ਦੇ ਘੇਰੇ ਵਿੱਚ ਕਣਕ ਨਾ ਬੀਜਣ ਦਿੱਤੀ ਜਾਵੇ ਤੇ ਨਾ ਹੀ ਘਾਹ-ਫੂਸ ਪੈਦਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਬਿਜਲੀ ਨਿਗਮ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਉਹ ਟਰਾਂਸਫਾਰਮਰਾਂ ਦੇ ਹੇਠਾਂ ਸਫਾਈ ਯਕੀਨੀ ਬਣਾਉਣ ਤੇ ਕਣਕ ਦੀ ਫਸਲ ਪੱਕਣ ਤੋਂ ਪਹਿਲਾਂ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਢਿੱਲ੍ਹੀਆਂ ਤਾਰਾਂ ਨੂੰ ਠੀਕ ਕਰਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਨ੍ਹਾਂ ਦੋਹਾਂ ਕਾਰਜਾਂ ਦੀ ਮੁਕੰਮਲ ਦੇਖ-ਰੇਖ ਤੇ ਪਾਲਣਾ ਹਿੱਤ ਇਲਾਕੇ ਦੇ ਸਬੰਧਤ ਬਿਜਲੀ ਘਰ ਦੇ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਉਂਦੇ ਹੋਏ ਜਵਾਬਦੇਹੀ ਕੀਤੀ ਜਾਵੇ ਤੇ ਅਣਗਹਿਲੀ ਵਰਤਣ ਦੀ ਸੂਰਤ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬੀ ਕਲਚਰਲ ਕੌਂਸਲ ਦੇ ਆਗੂਆਂ ਨੇ ਆਖਿਆ ਕਿ ਖੇਤੀਬਾੜੀ, ਪੰਚਾਇਤਾਂ ਤੇ ਸਹਿਕਾਰਤਾ ਮਹਿਕਮੇ ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਟਰਾਂਸਫਾਰਮਰਾਂ ਦੁਆਲੇ ਕਣਕਾਂ ਨਾ ਬੀਜਣ ਤੇ ਖੇਤਾਂ ਵਿੱਚ ਢਿੱਲੀਆਂ ਤਾਰਾਂ ਨੂੰ ਬਿਜਲੀ ਮੁਲਾਜ਼ਮਾਂ ਕੋਲੋਂ ਸਮੇਂ ਸਿਰ ਠੀਕ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ ਤੇ ਇਸ ਸਬੰਧੀ ਬਿਜਲੀ ਬੋਰਡ ਵੱਲੋਂ ਅਖ਼ਬਾਰਾਂ ਤੇ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਉਹ ਮੁਲਾਜ਼ਮਾਂ ਨਾਲ ਤਾਲਮੇਲ ਕਰਕੇ ਬਿਜਲੀ ਦੀਆਂ ਤਾਰਾਂ ਠੀਕ ਕਰਵਾਉਣ ਸਬੰਧੀ ਅਗਾਊਂ ਸੂਚਨਾ ਦੇਣ। ਆਪਣੇ ਚਿੱਠੀ ਵਿੱਚ ਪੰਜਾਬੀ ਕਲਚਰਲ ਕੌਂਸਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਜਦੋਂ ਵੱਢੀ ਹੋਈ ਕਣਕ ਦੇ ਨਾੜ੍ਹ ਨੂੰ ਰੀਪਰ ਨਾਲ ਕੱਟ ਕੇ ਤੂੜੀ ਬਣਾਈ ਜਾਂਦੀ ਹੈ ਤਾਂ ਟਰੈਕਟਰ ਡਰਾਈਵਰ ਅਕਸਰ ਕੰਨਾਂ ਵਿੱਚ ਹੈੱਡਫੋਨ ਜਾਂ ਉਚੀ ਆਵਾਜ਼ ਵਿੱਚ ਸਟੀਰੀਓ ਲਾ ਕੇ ਕੰਮ ਕਰਦੇ ਹਨ ਜਿਸ ਕਰਕੇ ਰੀਪਰ ਦੇ ਬਲੇਡ ਵਿੱਚ ਲੋਹੇ ਦਾ ਕਿੱਲ ਜਾਂ ਕੋਈ ਹੋਰ ਸਖ਼ਤ ਰੋੜਾ ਫਸਣ ਕਾਰਨ ਚਿੰਗਾਂੜੀ ਨਿੱਕਲਣ ਕਰਕੇ ਨਾੜ੍ਹ ਨੂੰ ਅੱਗ ਲੱਗ ਜਾਂਦੀ ਹੈ ਤਾਂ ਡਰਾਈਵਰ ਨੂੰ ਗਾਣੇ ਸੁਣਦੇ ਸਮੇਂ ਅਜਿਹੀ ਘਟਨਾ ਦਾ ਪਤਾ ਨਹੀਂ ਲੱਗਦਾ। ਅਜਿਹੀ ਚਿੰਗਾੜੀ ਨਾਲ ਪੂਰੇ ਖੇਤ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਗੁਆਂਢੀ ਕਿਸਾਨਾਂ ਦੇ ਖੇਤ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੰਬਾਈਨਾਂ ਤੇ ਰੀਪਰ ਟਰੈਕਟਰਾਂ ਦੇ ਡਰਾਈਵਰਾਂ ਨੂੰ ਹੈੱਡਫੋਨ ਲਾਉਣ ਜਾਂ ਸਟੀਰੀਓ ਚਲਾਉਣ ਤੋਂ ਰੋਕਣ ਲਈ ਸਬੰਧਤ ਪੰਚਾਇਤਾਂ, ਕਿਸਾਨਾਂ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਖੇਤਾਂ ਵਿੱਚ ਕਿਸੇ ਵੱਡੀ ਅਣਹੋਣੀ ਨੂੰ ਟਾਲਿਆ ਜਾ ਸਕੇ। ਪੰਜਾਬੀ ਕਲਚਰਲ ਕੌਂਸਲ ਦੇ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਹੈ ਕਿ ਪਿੰਡਾਂ ਵਿੱਚ ਪੰਚਾਇਤਾਂ ਨੂੰ ਅੱਗ ਬੁਝਾਊ ਸਿਲੰਡਰ ਸਬਸਿਡੀ ਉਪਰ ਦਿੱਤੇ ਜਾਣ ਤਾਂ ਜੋ ਕਣਕ ਦੀ ਵਾਢੀ ਵੇਲੇ ਸਬੰਧਿਤ ਕਿਸਾਨ ਪੰਚਾਇਤ ਤੋਂ ਕਿਰਾਏ ਉੱਤੇ ਲੈ ਕੇ ਉਨ੍ਹਾਂ ਨੂੰ ਅੱਗ ਬਝਾਊ ਕੰਮਾਂ ਲਈ ਵਰਤ ਸਕਣ। ਉਨ੍ਹਾਂ ਇਹ ਵੀ ਆਖਿਆ ਕਿ ਕੰਬਾਈਨ ਮਾਲਕਾਂ ਲਈ ਇਹ ਲਾਜ਼ਮੀ ਕੀਤਾ ਜਾਵੇ ਕਿ ਹਰ ਕੰਬਾਈਨ ਉੱਪਰ ਦੋ-ਦੋ ਸਿਲੰਡਰ ਰੱਖੇ ਜਾਣ ਤਾਂ ਜੋ ਹੰਗਾਮੀ ਹਾਲਤ ਵੇਲੇ ਲੋੜ ਪੈਣ ਦੀ ਸੂਰਤ ਵਿੱਚ ਉਨ੍ਹਾਂ ਸਿਲੰਡਰਾਂ ਤੋਂ ਕੰਮ ਲਿਆ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਪਿੰਡਾਂ ਵਿੱਚ ਅੱਗ ਬੁਝਾਊ ਸਿਲੰਡਰ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਦਾਨੀ ਸੱਜਣਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ ਤਾਂ ਕਿ ਉਹ ਆਪੋ-ਆਪਣੇ ਪਿੰਡਾਂ ਵਿੱਚ ਘੱਟੋ-ਘੱਟ ਦਸ-ਦਸ ਅੱਗ ਬੁਝਾਊ ਸਿਲੰਡਰ ਖਰੀਦ ਕੇ ਵੰਡਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਪਿੰਡ ਪੰਚਾਇਤ ਨੂੰ ਪਾਣੀ ਲਈ ਇੱਕ-ਇੱਕ ਟੈਂਕਰ ਵੀ ਦਿੱਤਾ ਜਾਵੇ ਤਾਂ ਜੋ ਕਿ ਕੰਬਾਈਨਾਂ ਜਾਂ ਰੀਪਰਾਂ ਰਾਹੀਂ ਕਣਕ ਕੱਢਦੇ ਸਮੇਂ ਉਨ੍ਹਾਂ ਟੈਂਕਰਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















