Fertiliser Price Reduced: ਕਿਸਾਨਾਂ ਲਈ ਖੁਸ਼ਖਬਰੀ! ਇਫਕੋ ਨੇ ਖਾਦਾਂ ਦੀਆਂ ਕੀਮਤਾਂ ‘ਚ 14% ਤੱਕ ਕੀਤੀ ਕਟੌਤੀ, ਪੜ੍ਹੋ ਵੇਰਵੇ
ਦੇਸ਼ ਵਿੱਚ ਖੁਰਾਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਰਕਾਰ ਕਈ ਖਾਦ ਕੰਪਨੀਆਂ ਨੂੰ 80 ਫੀਸਦੀ ਤੱਕ ਸਬਸਿਡੀ ਦਾ ਲਾਭ ਦਿੰਦੀ ਹੈ, ਜਿਸ ਦਾ ਫਾਇਦਾ ਕਿਸਾਨਾਂ ਨੂੰ ਵੀ ਮਿਲਦਾ ਹੈ।
Fertiliser Price Reduced: ਭਾਰਤ ਦੀ ਸਭ ਤੋਂ ਵੱਡੀ ਖਾਦ ਨਿਰਮਾਤਾ ਕੰਪਨੀ ਇਫਕੋ ਜਾਂ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟੇਡ (IFFCO) ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਆਪਣੀਆਂ ਕਈ ਖਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਆਪਣੇ ਉਤਪਾਦਾਂ ਦੀ ਕੀਮਤ 14 ਫੀਸਦੀ ਤੱਕ ਘੱਟ ਕਰ ਰਹੀ ਹੈ। ਹਿੰਦੁਸਤਾਨ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਦੁਨੀਆ ਭਰ 'ਚ ਖੁਰਾਕ ਦੀ ਕਮੀ ਅਤੇ ਖੇਤੀ ਲਈ ਖਾਦਾਂ ਦੀ ਵਧਦੀ ਕੀਮਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਗਰੀਬ ਕਿਸਾਨਾਂ ਨੂੰ ਲਾਭ ਮਿਲੇਗਾ
IFFCO ਅਧਿਕਾਰੀ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਧ ਫਾਇਦਾ ਗਰੀਬ ਕਿਸਾਨਾਂ ਨੂੰ ਮਿਲੇਗਾ। ਇਸ ਨਾਲ ਉਨ੍ਹਾਂ ਦੀ ਕਾਸ਼ਤ ਦੀ ਲਾਗਤ ਘੱਟ ਜਾਵੇਗੀ। ਖਾਦ ਬਣਾਉਣ ਲਈ ਹੁਣ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਖਾਦਾਂ ਦੀ ਲਾਗਤ ਘੱਟ ਰਹੀ ਹੈ, ਜਿਸ ਦਾ ਹੁਣ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਦੇਸ਼ ਵਿੱਚ ਖੇਤੀ ਦਾ ਉਤਪਾਦਨ ਵਿੱਚ ਵਾਧੇ ਦੇ ਨਾਲ ਵਿਸ਼ਵ ਭਰ ਵਿੱਚ ਅਨਾਜ ਨਾਲ ਸਬੰਧਤ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਸਰਕਾਰ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਲਈ ਸਬਸਿਡੀ ਦਿੰਦੀ ਹੈ
ਦੇਸ਼ ਵਿੱਚ ਖੁਰਾਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਰਕਾਰ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ 'ਤੇ ਸਬਸਿਡੀ ਦਿੰਦੀ ਹੈ। ਸਰਕਾਰ ਕਈ ਖਾਦ ਕੰਪਨੀਆਂ ਨੂੰ 80 ਫੀਸਦੀ ਤੱਕ ਸਬਸਿਡੀ ਦਾ ਲਾਭ ਦਿੰਦੀ ਹੈ, ਜਿਸ ਦਾ ਫਾਇਦਾ ਕਿਸਾਨਾਂ ਨੂੰ ਮਿਲਦਾ ਹੈ। ਇਫਕੋ ਦੇ ਅਧਿਕਾਰੀ ਨੇ ਦੱਸਿਆ ਕਿ ਮਹੱਤਵਪੂਰਨ ਖਾਦ NPKS ਦੀ ਕੀਮਤ 200 ਰੁਪਏ ਤੋਂ ਲੈ ਕੇ 1200 ਰੁਪਏ ਪ੍ਰਤੀ ਬੈਗ ਘੱਟ ਹੋ ਗਈ ਹੈ। ਇਸ ਨਾਲ ਕਿਸਾਨਾਂ ਨੂੰ ਸਾਉਣੀ ਦੇ ਸੀਜ਼ਨ ਦੀ ਖੇਤੀ ਲਾਗਤ ਵਿੱਚ ਕਮੀ ਦਾ ਫਾਇਦਾ ਮਿਲੇਗਾ।
ਵਿੱਤ ਮੰਤਰੀ ਵੱਲੋਂ ਖਾਦ ਸਬਸਿਡੀ 'ਤੇ 2023 ਦੇ ਬਜਟ 'ਚ ਕਟੌਤੀ
ਬਜਟ 2023 ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖਾਦਾਂ 'ਤੇ ਸਬਸਿਡੀ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਾਰ ਸਰਕਾਰ ਨੇ ਖਾਦ ਸਬਸਿਡੀ (Fertiliser Subsidy) ਲਈ ਕੁੱਲ 1.75 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ, ਜੋ ਮੌਜੂਦਾ ਵਿੱਤੀ ਸਾਲ ਨਾਲੋਂ 22 ਫੀਸਦੀ ਘੱਟ ਹੈ। ਮੌਜੂਦਾ ਵਿੱਤੀ ਸਾਲ 'ਚ ਸਰਕਾਰ ਨੇ ਰੂਸ-ਯੂਕਰੇਨ ਯੁੱਧ ਕਾਰਨ ਵਿਸ਼ਵ ਖੁਰਾਕ ਸੰਕਟ ਦੇ ਮੱਦੇਨਜ਼ਰ ਫਾਸਫੇਟ ਅਤੇ ਪੋਟਾਸ਼ ਖਾਦ 'ਤੇ ਸਬਸਿਡੀ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਕਾਰਨ ਕਿਸਾਨਾਂ ਨੂੰ ਸਸਤੇ ਭਾਅ ’ਤੇ ਖਾਦ ਮਿਲਣੀ ਸ਼ੁਰੂ ਹੋਈ।