ਪੜਚੋਲ ਕਰੋ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ ਧਨ ਇਕੱਠਾ ਕੀਤਾ ਹੈ। ਇੰਨਾ ਹੀ ਨਹੀਂ 67 ਕਰੋੜ ਭਾਰਤੀਆਂ ਦੀ ਸੰਪਤੀ ਵਿੱਚ ਸਿਰਫ਼ ਇੱਕ ਫ਼ੀਸਦੀ ਵਾਧਾ ਹੋਇਆ ਹੈ। ਭਾਰਤ ਵਿੱਚ ਆਮਦਨ ਦਰਮਿਆਨ ਵਧ ਰਹੀ ਅਸਮਾਨਤਾ ਦੇ ਨਵੇਂ ਫਿਕਰ ਦਾ ਵੱਡਾ ਖ਼ੁਲਾਸਾ ਕੌਮਾਂਤਰੀ ਅਧਿਕਾਰ ਸਮੂਹ ਔਕਸਫੈਮ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿੱਚ ਹੋਇਆ ਹੈ।
ਇਸ ਸਰਵੇ ਵਿੱਚ ਦੁਨੀਆ ਦੀ ਤਸਵੀਰ ਹੋਰ ਵੀ ਗੰਭੀਰ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿੱਚ ਇੱਕ ਫ਼ੀਸਦੀ ਅਮੀਰਾਂ ਦੀ ਜਾਇਦਾਦ ਵਿੱਚ 82 ਫ਼ੀਸਦੀ ਵਾਧਾ ਹੋਇਆ ਹੈ ਜਦਕਿ ਦੁਨੀਆ ਵਿੱਚ 3.7 ਅਰਬ ਲੋਕ ਜੋ ਕੁੱਲ ਗ਼ਰੀਬ ਆਬਾਦੀ ਦਾ ਅੱਧ ਹਨ, ਦੀ ਜਾਇਦਾਦ ਵਿੱਚ ਕੋਈ ਵਾਧਾ ਨਹੀਂ ਹੋਇਆ।
ਪਿਛਲੇ ਸਾਲ ਦੇ ਸਰਵੇ ਤੋਂ ਇਹ ਪਤਾ ਲੱਗਾ ਸੀ ਕਿ ਇੱਕ ਫ਼ੀਸਦੀ ਭਾਰਤੀਆਂ ਦੀ ਕੁੱਲ ਸੰਪਤੀ ਵਿੱਚ 58 ਫ਼ੀਸਦੀ ਹਿੱਸੇਦਾਰੀ ਹੈ ਜਿਹੜੀ ਕਿ ਵਿਸ਼ਵ ਅੰਕੜਿਆਂ ਨਾਲੋਂ ਵੱਧ ਹੈ। ਇਸ ਸਾਲ ਦੇ ਸਰਵੇਖਣ ਤੋਂ ਇਹ ਪਤਾ ਲੱਗਾ ਹੈ ਕਿ 2017-18 ਦੌਰਾਨ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੰਪਤੀ ਵਿੱਚ 20.9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਔਕਸਫੈਮ ਇੰਡੀਆ ਨੇ ਕਿਹਾ ਕਿ ਇਹ 2017-18 ਦੇ ਕੇਂਦਰ ਸਰਕਾਰ ਦੇ ਬਜਟ ਦੇ ਬਰਾਬਰ ਦੀ ਰਾਸ਼ੀ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿੰਝ ਅਮੀਰ ਲੋਕਾਂ ਦੀ ਧਨ ਇਕੱਠਾ ਕਰਨ ਦੀ ਸਮਰੱਥਾ ਵਧ ਰਹੀ ਹੈ ਜਦਕਿ ਗ਼ਰੀਬ ਵਿਅਕਤੀ ਆਪਣੇ ਵੇਤਨ ਉੱਤੇ ਹੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰ ਰਹੇ ਹਨ। 2017 ਵਿੱਚ ਹਰ ਦੋ ਦਿਨ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਹੈਰਾਨਕੁਨ ਵਾਧਾ ਦੇਖਿਆ ਗਿਆ ਹੈ। ਅਰਬਪਤੀਆਂ ਦੀ ਸੰਪਤੀ 2010 ਤੋਂ 13 ਫ਼ੀਸਦੀ ਔਸਤ ਨਾਲ ਵਧੀ ਹੈ ਜਿਹੜੀ ਕਿ ਸਧਾਰਨ ਮਜ਼ਦੂਰਾਂ ਦੀ ਆਮਦਨ ਨਾਲੋਂ ਛੇ ਗੁਣਾ ਤੇਜ਼ ਰਫ਼ਤਾਰ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ ਵਾਧਾ ਦਰ ਸਿਰਫ਼ ਦੋ ਫ਼ੀਸਦੀ ਹੈ।
ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਿ ਭਾਰਤ ਵਿੱਚ ਟੌਪ ਤਨਖ਼ਾਹ ਅਧਿਕਾਰੀ ਜਿੰਨੀ ਆਮਦਨ ਸਾਲ ਵਿੱਚ ਕਮਾ ਲੈਂਦਾ ਹੈ, ਓਨੀ ਆਮਦਨ ਹਾਸਲ ਕਰਨ ਲਈ ਇੱਕ ਘੱਟੋ-ਘੱਟ ਮਜ਼ਦੂਰੀ ਲੈਣ ਵਾਲੇ ਵਰਕਰ ਨੂੰ 941 ਸਾਲ ਲੱਗਣਗੇ। ਅਮਰੀਕਾ ਵਿੱਚ ਸੀਈਓ ਦੀ ਇੱਕ ਦਿਨ ਦੀ ਆਮਦਨ ਲੈਣ ਲਈ ਉੱਥੋਂ ਦੇ ਸਾਧਾਰਨ ਵਰਕਰ ਨੂੰ ਇੱਕ ਸਾਲ ਦਾ ਸਮਾਂ ਲੱਗੇਗਾ।
10 ਦੇਸ਼ਾਂ ਵਿੱਚ ਕੀਤੇ ਗਏ ਇਸ ਸਰਵੇ ਵਿੱਚ ਸੰਸਥਾ ਨੇ ਆਮਦਨ ਦੇ ਪਾੜੇ ਵਿੱਚ ਡੁੰਘੀ ਫ਼ਿਕਰ ਜਤਾਉਂਦੇ ਹੋਏ ਕਿਹਾ ਹੈ ਕਿ ਦੇਸ਼ਾਂ ਨੂੰ ਇਸ ਮੁੱਦੇ ਉੱਤੇ ਫ਼ੌਰੀ ਸੰਬੋਧਨ ਹੋਣਾ ਚਾਹੀਦਾ ਹੈ। ਅਰਬਪਤੀਆਂ ਦੀ ਸੂਚੀ ਵਿੱਚ ਭਾਰਤ ਵਿੱਚ 17 ਨਵੇਂ ਜੋੜੋ ਹਨ ਜਿਨ੍ਹਾਂ ਦੀ ਕੁੱਲ ਗਿਣਤੀ 101 ਹੋ ਗਈ ਹੈ। ਟੌਪ 10 ਅਰਬਪਤੀਆਂ ਵਿੱਚੋਂ ਸਿਰਫ਼ ਇੱਕ ਔਰਤ ਸ਼ਾਮਲ ਹੈ। ਆਮਦਨ ਵਿਤਕਰੇ ਵਿੱਚ ਔਰਤਾਂ ਦੇ ਹਾਲਤ ਹੋਰ ਵੀ ਮਾੜੀ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ 10 ਫ਼ੀਸਦੀ ਆਬਾਦੀ ਕੋਲ 73 ਫ਼ੀਸਦੀ ਧਨ ਹੈ। 37 ਫ਼ੀਸਦੀ ਭਾਰਤੀਆਂ ਨੂੰ ਧਨ ਵਿਰਾਸਤ ਵਿੱਚ ਮਿਲਿਆ ਹੈ। ਇਹ ਦੇਸ਼ ਵਿੱਚ ਅਰਬਪਤੀਆਂ ਦੀ ਕੁੱਲ ਸੰਪਤੀ ਦਾ 51 ਫ਼ੀਸਦੀ ਕੰਟਰੋਲ ਕਰਦੇ ਹਨ। ਆਕਸਫੈਮ ਇੰਡੀਆ ਦੇ ਸੀਈਓ ਨਿਸ਼ਾ ਅਗਰਵਾਲ ਨੇ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਭਾਰਤ ਵਿੱਚ ਆਰਥਿਕ ਵਿਕਾਸ ਦਾ ਫ਼ਾਇਦਾ ਕੁਝ ਲੋਕਾਂ ਨੂੰ ਮਿਲ ਰਿਹਾ ਹੈ। ਆਮਦਨ ਵਿੱਚ ਵਧਦੀ ਅਸਮਾਨਤਾ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ ਤੇ ਭ੍ਰਿਸ਼ਟਾਚਾਰ ਤੇ ਸਿਸਟਮ ਪ੍ਰਤੀ ਗ਼ੁੱਸਾ ਪੈਦਾ ਹੁੰਦਾ ਹੈ।
ਔਕਸਫੈਮ ਦੇ ਆਮਦਨ ਸਬੰਧੀ ਸਰਵੇ ਦਾ ਬੜੀ ਗਹਿਰਾਈ ਨਾਲ ਵਰਲਡ ਸੋਸ਼ਲ ਫੋਰਮ ਵਿੱਚ ਵਿਚਾਰ ਚਰਚਾ ਹੁੰਦੀ ਹੈ ਜਿੱਥੇ ਆਮਦਨ ਵਿੱਚ ਅਸਮਾਨਤਾ ਬਾਰੇ ਗੱਲ ਕਰਨਾ ਮੁੱਖ ਮੁੱਦਾ ਹੁੰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















