ਪੰਜਾਬ ਦੇ ਸਾਬਕਾ DGP ਕੇਪੀਐੱਸ ਗਿੱਲ ਕਰਕੇ ਰੱਦ ਕਰਨਾ ਪਿਆ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਸਮਾਰੋਹ
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਪੰਜਾਬੀ ਅਧਿਐਨ ਵਿਭਾਗ ਨੂੰ ਇਸ ਵਰ੍ਹੇ ਦਾ ‘ਹਰਜੀਤ ਕੌਰ ਸਿੱਧੂ ਯਾਦਗਾਰੀ ਸਮਾਰੋਹ’ ਰੱਦ ਕਰਨਾ ਪਿਆ ਹੈ। ਇਸ ਸਮਾਰੋਹ ’ਚ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਕੈਰੇਵਾਨ’ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਭਾਸ਼ਣ ਦੇਣਾ ਸੀ।
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਵੈਨਕੂਵਰ: ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਪੰਜਾਬੀ ਅਧਿਐਨ ਵਿਭਾਗ ਨੂੰ ਇਸ ਵਰ੍ਹੇ ਦਾ ‘ਹਰਜੀਤ ਕੌਰ ਸਿੱਧੂ ਯਾਦਗਾਰੀ ਸਮਾਰੋਹ’ ਰੱਦ ਕਰਨਾ ਪਿਆ ਹੈ। ਇਸ ਸਮਾਰੋਹ ’ਚ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਕੈਰੇਵਾਨ’ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਭਾਸ਼ਣ ਦੇਣਾ ਸੀ।
ਯੂਨੀਵਰਸਿਟੀ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਇਹ ਸਮਾਰੋਹ ਅਗਲੀ ਕਿਸੇ ਤਰੀਕ ਨੂੰ ਹੋਵੇਗਾ, ਜਿਸ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਇਸ ਦੌਰਾਨ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਾਬਕਾ ਵਿਦਿਆਰਥੀ ਨੇ ਦੋਸ਼ ਲਾਇਆ ਕਿ ‘ਦਰਅਸਲ, ਇਹ ਸਮਾਰੋਹ ਬ੍ਰਿਟਿਸ਼ ਕੋਲੰਬੀਆ ਦੇ ਕੁਝ ਕੱਟੜ ਸਿੱਖ ਕਾਰਕੁਨਾਂ ਦੇ ਦਬਾਅ ਕਾਰਨ ਰੱਦ ਹੋਇਆ ਹੈ। ਉਨ੍ਹਾਂ ਕਾਰਕੁਨਾਂ ਨੇ ਕਿਹਾ ਸੀ ਕਿ ਪੱਤਰਕਾਰ ਹਰਤੋਸ਼ ਸਿੰਘ ਬੱਲ ਨੇ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਸ਼ਲਾਘਾ ਕੀਤੀ ਸੀ।’
ਦੱਸ ਦੇਈਏ ਕਿ ਪੰਜਾਬ ’ਚ ਖਾੜਕੂਵਾਦ ਕਾਰਨ ਪੈਦਾ ਹੋਇਆ ਹਿੰਸਾ ਦਾ ਦੌਰਾ ਖ਼ਤਮ ਕਰਨ ਦਾ ਸਿਹਰਾ ਸਵਰਗੀ ਆਈਪੀਐਸ ਅਧਿਕਾਰੀ ਕੇਪੀਐਸ ਗਿੱਲ ਬੱਝਦਾ ਹੈ ਪਰ ਤਦ ‘ਝੂਠੇ ਪੁਲਿਸ ਮੁਕਾਬਲਿਆਂ ’ਚ ਅਨੇਕਾਂ ਨਿਰਦੋਸ਼ ਸਿੱਖ ਨੌਜਵਾਨਾਂ ਦਾ ਕਤਲ ਕੀਤੇ ਜਾਣ ਦੇ ਇਲਜ਼ਾਮ’ ਵੀ ਉਨ੍ਹਾਂ ਉੱਤੇ ਲੱਗਦੇ ਰਹੇ ਹਨ। ‘ਦ ਪ੍ਰਿੰਟ’ ਵੱਲੋਂ ਪ੍ਰਕਾਸ਼ਿਤ ਨੀਲਮ ਪਾਂਡੇ ਦੀ ਰਿਪੋਰਟ ਅਨੁਸਾਰ ਪੱਤਰਕਾਰ ਹਰਤੋਸ਼ ਸਿੰਘ ਬੱਲ ਰਿਸ਼ਤੇ ਵਿੱਚ ਕੇਪੀਐਸ ਗਿੱਲ ਦੇ ਭਤੀਜੇ ਲੱਗਦੇ ਹਨ।
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਗ੍ਰੈਜੂਏਟ ਅਤੇ ਕਾਲਮ ਨਵੀਸ ਆਦਿਲ ਬਰਾੜ ਨੇ ਆਪਣੇ ਇੱਕ ਟਵੀਟ ਰਾਹੀਂ ਇਹ ਸਮਾਰੋਹ ਰੱਦ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਯੂਨੀਵਰਸਿਟੀ ਨੂੰ ਇਸ ਸਬੰਧੀ ਇੱਕ ਚਿੱਠੀ ਲਿਖ ਕੇ ਰੋਸ ਪ੍ਰਗਟਾਉਣਗੇ। ਯੂਨੀਵਰਸਿਟੀ ਦੇ ਭਾਰਤ ਤੇ ਦੱਖਣੀ ਏਸ਼ੀਆਈ ਖੋਜ ਨਾਲ ਸਬੰਧਤ ਕੇਂਦਰ (CISAR) ਦੇ ਸਹਿ-ਨਿਰਦੇਸ਼ਕ ਸਾਰਾ ਸ਼ਨੀਡਰਮਨ ਨਾਲ ਜਦੋਂ ਈਮੇਲ ਰਾਹੀਂ ਇਸ ਮਾਮਲੇ ਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਦ ਉਨ੍ਹਾਂ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ।
ਖ਼ੁਦ ਹਰਤੋਸ਼ ਸਿੰਘ ਬੱਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਦੀ ‘ਸਿੱਖ ਸਟੂਡੈਂਟਸ ਐਸੋਸੀਏਸ਼ਨ’ (SSA) ਦੇ ਦਬਾਅ ਕਾਰਨ ਰੱਦ ਕੀਤਾ ਗਿਆ ਹੈ। ਉਨ੍ਹਾਂ ਯੂਨੀਵਰਸਿਟੀ ਦੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਦੀ ਨੀਤੀ ਉੱਤੇ ਸੁਆਲ ਖੜ੍ਹੇ ਕੀਤੇ ਹਨ। ਪੱਤਰਕਾਰ ਬੱਲ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਬਾਰੇ ਬੋਲਣ ਲਈ ਸੱਦਿਆ ਗਿਆ ਸੀ।