ਪੰਜਾਬ 'ਚ 93 ਫੀਸਦ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਦੇ ਖਾਤਿਆਂ 'ਚ ਪਹੁੰਚੇ 7594 ਕਰੋੜ ਰੁਪਏ
ਪੰਜਾਬ 'ਚ ਖਰੀਦ ਏਜੰਸੀਆਂ ਵੱਲੋਂ ਮੰਡੀਆਂ 'ਚ ਹੁਣ ਤੱਕ ਕਣਕ ਦੀ ਕੁੱਲ ਆਮਦ ਵਿੱਚੋਂ 93 ਫੀਸਦੀ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸਿੱਧੀ ਅਦਾਇਗੀ ਦੀ ਨਵੀਂ ਪ੍ਰਣਾਲੀ ਰਾਹੀਂ 2.26 ਲੱਖ ਕਿਸਾਨਾਂ ਦੇ ਖਾਤਿਆਂ 'ਚ 7594 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਖੁਲਾਸਾ ਸ਼ਨੀਵਾਰ ਨੂੰ ਖੇਤੀਬਾੜੀ ਅਧਾਰਿਤ ਸੂਬੇ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਦਰਮਿਆਨ ਕਣਕ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਚੰਡੀਗੜ੍ਹ: ਪੰਜਾਬ 'ਚ ਖਰੀਦ ਏਜੰਸੀਆਂ ਵੱਲੋਂ ਮੰਡੀਆਂ 'ਚ ਹੁਣ ਤੱਕ ਕਣਕ ਦੀ ਕੁੱਲ ਆਮਦ ਵਿੱਚੋਂ 93 ਫੀਸਦੀ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸਿੱਧੀ ਅਦਾਇਗੀ ਦੀ ਨਵੀਂ ਪ੍ਰਣਾਲੀ ਰਾਹੀਂ 2.26 ਲੱਖ ਕਿਸਾਨਾਂ ਦੇ ਖਾਤਿਆਂ 'ਚ 7594 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਖੁਲਾਸਾ ਸ਼ਨੀਵਾਰ ਨੂੰ ਖੇਤੀਬਾੜੀ ਅਧਾਰਿਤ ਸੂਬੇ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਦਰਮਿਆਨ ਕਣਕ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਮੰਡੀਆਂ 'ਚ 76.32 ਲੱਖ ਮੀਟਰਕ ਟਨ ਵਿੱਚੋਂ 71.48 ਲੱਖ ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ ਜੋ ਕੁਲ਼ ਆਮਦ ਦਾ 93 ਫੀਸਦੀ ਤੋਂ ਵੱਧ ਬਣਦਾ ਹੈ, ਬਾਵਜੂਦ ਇਸ ਦੇ ਕਿ ਪਿਛਲੇ ਸਾਲ ਦੇ ਅੱਜ ਤੱਕ ਦੇ ਮੁਕਾਬਲੇ 300 ਫੀਸਦੀ ਵੱਧ ਕਣਕ ਮੰਡੀਆਂ 'ਚ ਪਹੁੰਚੀ ਹੈ। ਪਿਛਲੇ ਹਾੜ੍ਹੀ ਮੰਡੀਕਰਨ ਸੀਜ਼ਨ ਦੇ ਇਸ ਸਮੇਂ ਦੌਰਾਨ 29.32 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਜਿਸ ਵਿੱਚੋਂ 27.32 ਲੱਖ ਮੀਟਰਕ ਟਨ ਦੀ ਖਰੀਦੀ ਕੀਤੀ ਗਈ ਸੀ।
ਮੰਡੀਆਂ 'ਚ ਕਣਕ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੰਡੀਆਂ ]ਚ ‘ਕਿਸਾਨ ਸਹਾਇਤਾ ਡੈਸਕ’ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ ਜਿੱਥੇ ਮੰਡੀ ਬੋਰਡ ਦੇ ਮੁਲਾਜ਼ਮ ਅਤੇ ਆਈਟੀ ਪੇਸ਼ੇਵਾਰ ਕੇਂਦਰ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ 'ਤੇ ਰਜਿਸਟਰ ਹੋਣ 'ਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਦੀ ਸਕੀਮ ਰਾਹੀਂ ਕਿਸਾਨਾਂ ਦੇ ਖਾਤਿਆਂ 'ਚ ਫਸਲ ਦਾ ਭੁਗਤਾਨ ਕੀਤਾ ਜਾ ਸਕੇ। ਇਸ ਨਾਲ ਹੁਣ ਤੱਕ ਸੂਬੇ ਵਿਚ 10 ਲੱਖ ਕਿਸਾਨਾਂ ਵਿੱਚੋਂ ਲਗਪਗ 7 ਲੱਖ ਕਿਸਾਨ ਆਪਣੇ ਦਸਤਾਵੇਜ਼ ਇਸ ਪੋਰਟਲ ਉਤੇ ਅਪਲੋਡ ਕਰ ਚੁੱਕੇ ਹਨ।
ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚੋਂ ਕਣਕ ਦੇ ਖਰੀਦੇ ਜਾ ਚੁੱਕੇ ਸਟਾਕ ਦੀ ਨਿਰਵਿਘਨ ਲਿਫਟਿੰਗ ਅਤੇ ਕਿਸਾਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੰਦੇ ਹੋਏ ਮੁੱਖ ਸਕੱਤਰ ਨੇ ਮੰਡੀਆਂ ਤੋਂ ਖਰੀਦ ਗਏ ਅਨਾਜ ਦੀ ਲਿਫਟਿੰਗ ਦੀ ਗਤੀ ਹੋਰ ਤੇਜ਼ ਕਰਨ ਲਈ ਆਖਿਆ ਤਾਂ ਕਿ ਮੰਡੀਆਂ ਵਿਚ ਭੀੜ-ਭੜੱਕਾ ਘਟਾਉਣ ਦੇ ਨਾਲ-ਨਾਲ ਖਰਾਬ ਮੌਸਮ ਨਾਲ ਖਰੀਦੇ ਸਟਾਕ ਨੂੰ ਨੁਕਸਾਨ ਤੋਂ ਬਚਿਆ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਲਗਪਗ 22000 ਆੜ੍ਹਤੀਏ (ਕਮਿਸ਼ਨ ਏਜੰਟ) ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨਾਲ ਰਜਿਸਟਰਡ ਸਨ ਅਤੇ ਫਸਲ ਦੀ ਅਦਾਇਗੀ ਇਨ੍ਹਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਂਦੀ ਸੀ ਜੋ ਅੱਗੇ ਕਿਸਾਨਾਂ ਨੂੰ ਅਦਾ ਕਰਦੇ ਸਨ। ਹਾਲਾਂਕਿ, ਮੌਜੂਦਾ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਸਿੱਧੀ ਅਦਾਇਗੀ ਦੀ ਸਕੀਮ ਸ਼ੁਰੂ ਹੋਣ ਨਾਲ ਹੁਣ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਉਪਜ ਵੇਚਣ ਦੇ ਬਦਲੇ ਸਿੱਧਾ ਉਨ੍ਹਾਂ ਦੇ ਖਾਤਿਆਂ 'ਚ ਅਦਾ ਕੀਤਾ ਜਾ ਰਿਹਾ ਹੈ।
ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਹਨ ਤਾਂ ਕਿ ਮੰਡੀਆਂ 'ਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ ਤੋਂ ਬਚਾਅ ਦਾ ਟੀਕਾ ਲਵਾ ਸਕਣ। ਇਨ੍ਹਾਂ ਕੈਂਪਾਂ 'ਚ ਹੁਣ ਤੱਕ ਤਕਰੀਬਨ 6142 ਯੋਗ ਵਿਅਕਤੀਆਂ ਨੂੰ ਖੁਰਾਕ ਦਿੱਤੀ ਜਾ ਚੁੱਕੀ ਹੈ।