ਮਹਾਰਾਸ਼ਟਰ ‘ਚ ਬਾਰਸ਼ ਨਾਲ ਜੁੜੀਆਂ ਘਟਨਾਵਾਂ ‘ਚ 129 ਲੋਕਾਂ ਦੀ ਮੌਤ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਪੱਛਮੀ ਮਹਾਰਾਸ਼ਟਰ ਦੇ ਪੁਣੇ ਮੰਡਲ ‘ਚ ਭਾਰੀ ਬਾਰਸ਼ ਤੇ ਨਦੀਆਂ ਦੇ ਉਫਾਨ ‘ਤੇ ਹੋਣ ਦੇ ਚੱਲਦਿਆਂ 84, 452 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
ਮੁੰਬਈ: ਮਹਾਰਾਸ਼ਟਰ ਚ ਪਿਛਲੇ ਦੋ ਦਿਨਾਂ ‘ਚ ਬਾਰਸ਼ ਨਾਲ ਜੁੜੀਆਂ ਘਟਨਾਵਾਂ ਤੇ ਜ਼ਮੀਨ ਖਿਸਕਣ ਨਾਲ 129 ਲੋਕਾਂ ਦੀ ਮੌਤ ਹੋ ਗਈ। ਜਦਕਿ ਪੁਣੇ ਮੰਡਲ ਦੇ ਤਹਿਤ 84,452 ਲੋਕਾਂ ਨੂੰ ਸ਼ੁੱਕਰਵਾਰ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਕਿਉਂਕਿ ਸੂਬੇ ‘ਚ ਭਾਰੀ ਬਾਰਸ਼ ਦਾ ਕਹਿਰ ਜਾਰੀ ਹੈ।
ਪੱਛਮੀ ਮਹਾਰਾਸ਼ਟਰ ਦੇ ਪੁਣੇ ਮੰਡਲ ‘ਚ ਭਾਰੀ ਬਾਰਸ਼ ਤੇ ਨਦੀਆਂ ਦੇ ਉਫਾਨ ‘ਤੇ ਹੋਣ ਦੇ ਚੱਲਦਿਆਂ 84, 452 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ‘ਚ 40,000 ਤੋਂ ਜ਼ਿਆਦਾ ਲੋਕ ਕੋਲਹਾਪੁਰ ਜ਼ਿਲ੍ਹੇ ਤੋਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੋਲਹਾਪੁਰ ਸ਼ਹਿਰ ਦੇ ਕੋਲ ਪੰਚਗੰਗਾ ਨਦੀ 2019 ‘ਚ ਆਏ ਹੜ੍ਹਾਂ ਦੇ ਪੱਧਰ ਤੋਂ ਵੀ ਉੱਪਰ ਵਹਿ ਰਹੀ ਹੈ।
ਰਾਏਗੜ੍ਹ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਨਾਲ 38 ਲੋਕਾਂ ਦੀ ਮੌਤ
ਪੁਣੇ ਤੇ ਕੋਲਹਾਪੁਰ ਦੇ ਨਾਲ ਹੀ ਮੰਡਲ ‘ਚ ਸਾਂਗਲੀ ਤੇ ਸਤਾਰਾ ਜ਼ਿਲ੍ਹੇ ਵੀ ਆਉਂਦੇ ਹਨ। ਸਤਾਰਾ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੂਬੇ ਦੇ ਹੜ੍ਹ ਪ੍ਰਬੰਧਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ‘ਚੋਂ 38 ਲੋਕਾਂ ਦੀ ਮੌਤ ਤਟੀ ਰਾਏਗੜ੍ਹ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਨਾਲ ਹੋਈ। ਇਸ ਦਰਮਿਆਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਸਤਾਰਾ ਜ਼ਿਲ੍ਹੇ ਲਈ ਇਕ ਨਵਾਂ ਰੈਡੀ ਅਲਰਟ ਜਾਰੀ ਕਰਕੇ ਅਗਲੇ 24 ਘੰਟਿਆਂ ‘ਚ ਜ਼ਿਲ੍ਹੇ ਦੇ ਪਰਬਤੀ ਘਾਟ ਇਲਾਕੇ ‘ਚ ਜ਼ਿਆਦਾ ਬਾਰਸ਼ ਹੋਣ ਦੀ ਭਵਿੱਖਬਾਣੀ ਵਿਅਕਤ ਕੀਤੀ ਹੈ।
ਜਿੱਥੇ ਜ਼ਮੀਨ ਖਿਸਕਣ ਤੋਂ ਬਾਅਦ ਕਰੀਬ 30 ਲੋਕ ਲਾਪਤਾ ਹਨ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੋਲਹਾਪੁਰ ਜ਼ਿਲ੍ਹੇ ‘ਚ ਇਕ ਬੱਸ ਦੇ ਨਦੀ ‘ਚ ਵਹਿਣ ਤੋਂ ਠੀਕ ਪਹਿਲਾਂ ਉਸ ‘ਤੇ ਸਵਾਰ ਅੱਠ ਨੇਪਾਲੀ ਮਜ਼ਦੂਰਾਂ ਸਮੇਤ 11 ਲੋਕਾਂ ਨੂੰ ਬਚਾ ਲਿਆ ਗਿਆ।
ਬੀਤੇ 48 ਘੰਟਿਆਂ ‘ਚ 129 ਦੀ ਮੌਤ
ਅਧਿਕਾਰੀ ਨੇ ਕਿਹਾ, ‘ਮਹਾਰਾਸ਼ਟਰ ‘ਚ ਪਿਛਲੇ 48 ਘੰਟਿਆਂ ‘ਚ ਮਰਨ ਵਾਲਿਆਂ ਦੀ ਸੰਖਿਆ 129 ‘ਤੇ ਪਹੁੰਚ ਗਈ ਹੈ। ਜ਼ਿਆਦਾਤਰ ਮੌਤਾਂ ਰਾਏਗੜ੍ਹ ਤੇ ਸਤਾਰਾ ਜ਼ਿਲ੍ਹੇ ‘ਚ ਹੋਈਆਂ। ਉਨ੍ਹਾਂ ਕਿਹਾ ਜ਼ਮੀਨ ਖਿਸਕਣ ਤੋਂ ਇਲਾਵਾ ਕਈ ਲੋਕ ਹੜ੍ਹਾਂ ਦੇ ਪਾਣੀ ‘ਚ ਵਹਿ ਗਏ। ਅਧਿਕਾਰੀ ਨੇ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ‘ਚ ਵੱਖ-ਵੱਖ ਘਟਨਾਵਾਂ ‘ਚ ਮਰਨ ਵਾਲਿਆਂ ਦੀ ਸੰਖਿਆ 27 ਦੱਸੀ। ਐਨਡੀਆਰਐਫ ਦੀਆਂ ਟੀਮਾਂ ਤੇ ਸਥਾਨਕ ਅਧਿਕਾਰੀ ਬਚਾਅ ਕਾਰਜ ‘ਚ ਲੱਗੇ ਹੋਏ ਹਨ।