ਕੋਲਕਾਤਾ 'ਚ ਭਾਜਪਾ ਦਫ਼ਤਰ ਨੇੜਿਓਂ ਮਿਲੇ 51 ਦੇਸੀ ਬੰਬ
ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜਿਓਂ 51 ਦੇਸੀ ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸੀ ਬੰਬ ਇੱਕ ਬੋਰੀ ਵਿੱਚ ਬੰਦ ਸਨ। ਬੰਬਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਕੋਲਕਾਤਾ ਦੇ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜਿਓਂ 51 ਦੇਸੀ ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸੀ ਬੰਬ ਇੱਕ ਬੋਰੀ ਵਿੱਚ ਬੰਦ ਸਨ। ਬੰਬਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਂਚ ਵਿੱਚ ਜੁਟੀ ਕੋਲਕਾਤਾ ਪੁਲਿਸ
ਇਹ ਦੇਸੀ ਬੰਬ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਸਥਿਤ ਭਾਜਪਾ ਦੇ ਦਫ਼ਤਰ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਇੱਕ ਬੋਰੀ ਵਿੱਚੋਂ ਮਿਲੇ ਹਨ। ਇਨ੍ਹਾਂ ਨੂੰ ਕੌਣ ਅਤੇ ਕਿਸ ਮਕਸਦ ਨਾਲ ਰੱਖ ਕੇ ਗਿਆ, ਇਸ ਬਾਰੇ ਹਾਲੇ ਸਥਿਤੀ ਸਾਫ ਨਹੀਂ ਹੈ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਕਿਸ ਕਿਸਮ ਦੇ ਹਨ। ਜ਼ਿਕਰਯੋਗ ਹੈ ਕਿ ਹੇਸਟਿੰਗ ਇਲਾਕੇ ਦੇ ਨੇੜੇ-ਤੇੜੇ ਫ਼ੌਜ ਦੇ ਵੀ ਟਿਕਾਣੇ ਹਨ। ਫਿਲਹਾਲ ਪੁਲਿਸ ਬੰਬਾਂ ਨੂੰ ਨਕਾਰਾ ਕਰਨ ਵਿੱਚ ਰੁੱਝੀ ਹੋਈ ਹੈ।
ਭਾਜਪਾ ਨੇ ਹਾਲ ਹੀ ਵਿੱਚ ਦਫ਼ਤਰ ਬਦਲਿਆ ਹੈ
ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਤਾਜ਼ਾ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਦਫ਼ਤਰ ਨੂੰ ਹੇਸਟਿੰਗ ਇਲਾਕੇ ਵਿੱਚ ਤਬਦੀਲ ਕੀਤਾ ਸੀ। ਚੋਣਾਂ ਦੌਰਾਨ ਬੈਠਕਾਂ ਤੋਂ ਲੈ ਕੇ ਹੋਰ ਸਾਰੇ ਕੰਮ ਇਸੇ ਦਫ਼ਤਰ ਤੋਂ ਕੀਤੇ ਜਾਂਦੇ ਸਨ। ਅਜਿਹੇ ਵਿੱਚ ਇਸ ਥਾਂ ਨੇੜਿਓਂ ਵੱਡੀ ਗਿਣਤੀ 'ਚ ਬੰਬ ਮਿਲਣ ਨਾਲ ਪੁਲਿਸ ਚੁਕੰਨੀ ਹੋ ਗਈ ਹੈ।