ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ
ਮਦਨਵਾੜਾ ਥਾਣਾ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਵੀ ਆਪਣੀ ਟੀਮ ਨਾਲ ਰਵਾਨਾ ਹੋਏ। ਜਿੱਥੇ ਉਨ੍ਹਾਂ ਦੀ ਟੀਮ ਦਾ ਸਾਹਮਣਾ ਸਿੱਧਾ ਨਕਸਲੀਆਂ ਨਾਲ ਹੋ ਗਿਆ।

ਰਾਏਪੁਰ: ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ 'ਚ ਕੱਲ੍ਹ ਰਾਤ ਪੁਲਿਸ ਤੇ ਨਕਸਲੀਆਂ ਵਿਚਾਲੇ ਹੋਈ ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ ਹੋ ਗਏ ਤੇ ਪੁਲਿਸ ਜਵਾਨਾਂ ਨੇ ਚਾਰ ਨਕਸਲੀਆਂ ਨੂੰ ਮਾਰ ਮੁਕਾਇਆ। ਨਕਸਲੀਆਂ ਕੋਲੋਂ ਇਕ ਏਕੇ-47, ਇਕ SLR ਤੇ ਦੋ 12 ਬੋਰ ਰਾਇਫਲਾਂ ਬਰਾਮਦ ਕੀਤੀਆਂ ਹਨ। ਮੁੱਠਭੇੜ ਰਾਜਨੰਦਗਾਂਵ ਦੇ ਪਰਧੌਨੀ ਇਲਾਕੇ 'ਚ ਰਾਤ 11 ਵਜੇ ਹੋਈ।
ਛੱਤੀਸਗੜ੍ਹ ਦੇ ਡੀਜੀਪੀ ਡੀਐਮ ਅਵਸਥੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਕਸਲੀ ਪਿੰਡ 'ਚ ਖਾਣਾ ਬਣਾ ਰਹੇ ਹਨ। ਜਿਸ ਤੋਂ ਬਾਅਦ ਤਿੰਨ ਵੱਖ-ਵੱਖ ਥਾਣਿਆਂ 'ਚੋਂ ਟੀਮਾਂ ਭੇਜੀਆਂ ਗਈਆਂ। ਇਸ ਦੌਰਾਨ ਹੀ ਮਦਨਵਾੜਾ ਥਾਣਾ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਵੀ ਆਪਣੀ ਟੀਮ ਨਾਲ ਰਵਾਨਾ ਹੋਏ। ਜਿੱਥੇ ਉਨ੍ਹਾਂ ਦੀ ਟੀਮ ਦਾ ਸਾਹਮਣਾ ਸਿੱਧਾ ਨਕਸਲੀਆਂ ਨਾਲ ਹੋ ਗਿਆ।
ਇਸ ਮੁੱਠਭੇੜ 'ਚ ਸ਼ਿਆਮ ਕਿਸ਼ੋਰ ਸ਼ਰਮਾ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਦਾ ਨੁਕਸਾਨ ਜ਼ਰੂਰ ਹੋਇਆ ਪਰ ਚਾਰ ਨਕਸਲੀ ਵੀ ਮਾਰੇ ਗਏ ਹਨ। ਜਿੰਨ੍ਹਾਂ 'ਤੇ ਲੱਖਾਂ ਦਾ ਇਨਾਮ ਸੀ।






















