COVID-19 4th Wave: ਜੂਨ 'ਚ ਆਵੇਗੀ ਕੋਰੋਨਾ ਦੀ ਚੌਥੀ ਲਹਿਰ! ਨਵੇਂ ਵੇਰੀਐਂਟ XE ਨੇ ਵਧਾਇਆ ਡਰ
COVID-19 Fourth Wave: ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕੁਝ ਮਹੀਨੇ ਪਹਿਲਾਂ, IIT ਕਾਨਪੁਰ ਨੇ ਇੱਕ ਅਧਿਐਨ ਕੀਤਾ ਸੀ, ਜਿਸ ਵਿੱਚ ਚੌਥੀ ਲਹਿਰ ਬਾਰੇ ਦੱਸਿਆ ਸੀ।
COVID-19 Fourth Wave: ਦੇਸ਼ 'ਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪਿਛਲੇ ਲਗਪਗ 2 ਸਾਲਾਂ ਤੋਂ, ਕੋਵਿਡ-19 ਦੇ ਨਵੇਂ ਰੂਪ ਲਗਾਤਾਰ ਸਾਹਮਣੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਭਾਰਤ 'ਚ ਕੋਰੋਨਾ ਦਾ ਨਵਾਂ ਵੇਰੀਐਂਟ XE ਵੀ 2 ਸੂਬਿਆਂ (ਗੁਜਰਾਤ ਤੇ ਮਹਾਰਾਸ਼ਟਰ) 'ਚ ਦਸਤਕ ਦੇ ਚੁੱਕਾ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਭਾਰਤ ਵਿੱਚ ਬੀਤੇ ਦਿਨ ਯਾਨੀ ਐਤਵਾਰ ਨੂੰ 1150 ਨਵੇਂ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ, ਭਾਰਤ ਵਿੱਚ ਕਿਰਿਆਸ਼ੀਲ ਮਾਮਲਿਆਂ ਦੀ ਕੁੱਲ ਗਿਣਤੀ 11,558 ਹੋ ਗਈ। ਮਾਮਲੇ 'ਚ ਲਗਾਤਾਰ ਵਾਧੇ ਤੋਂ ਬਾਅਦ ਕਈ ਮਾਹਿਰ ਚੌਥੀ ਲਹਿਰ ਦਾ ਵੀ ਅੰਦਾਜ਼ਾ ਲਗਾ ਰਹੇ ਹਨ। IIT ਕਾਨਪੁਰ ਵੱਲੋਂ ਚੌਥੀ ਲਹਿਰ ਨੂੰ ਲੈ ਕੇ ਇੱਕ ਅਧਿਐਨ ਕੀਤਾ ਗਿਆ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਚੌਥੀ ਲਹਿਰ ਕਦੋਂ ਆ ਸਕਦੀ ਹੈ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਆਈਆਈਟੀ ਕਾਨਪੁਰ ਦੇ ਮਾਹਿਰਾਂ ਵੱਲੋਂ ਇੱਕ ਖੋਜ ਕੀਤੀ ਗਈ ਸੀ। ਉਨ੍ਹਾਂ ਦੀ ਖੋਜ ਮੁਤਾਬਕ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੀ ਸੰਭਾਵਿਤ ਚੌਥੀ ਲਹਿਰ 22 ਜੂਨ 2022 ਦੇ ਆਸਪਾਸ ਸ਼ੁਰੂ ਹੋ ਸਕਦੀ ਹੈ। ਇਸ ਲਹਿਰ ਦਾ ਸਿਖਰ ਅਗਸਤ ਦੇ ਅੰਤ ਵਿੱਚ ਹੋ ਸਕਦਾ ਹੈ। ਪ੍ਰੀਪ੍ਰਿੰਟ ਰਿਪੋਜ਼ਟਰੀ MedRxiv 'ਤੇ ਸਾਂਝੀ ਕੀਤੀ ਗਈ ਸਮੀਖਿਆ ਮੁਤਾਬਕ, ਚੌਥੀ ਲਹਿਰ ਦਾ ਪਤਾ ਲਗਾਉਣ ਲਈ ਅੰਕੜਾ ਮਾਡਲਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਨੇ ਪਾਇਆ ਕਿ ਇੱਕ ਸੰਭਾਵੀ ਨਵੀਂ ਲਹਿਰ 4 ਮਹੀਨਿਆਂ ਤੱਕ ਚੱਲੇਗੀ।
ਖੋਜ ਵਿੱਚ ਕਿਹਾ ਗਿਆ ਸੀ ਕਿ ਅਧਿਐਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਕੋਵਿਡ -19 ਦੀ ਚੌਥੀ ਲਹਿਰ ਸ਼ੁਰੂਆਤੀ ਡੇਟਾ ਉਪਲਬਧਤਾ ਦੀ ਮਿਤੀ ਤੋਂ 936 ਦਿਨਾਂ ਬਾਅਦ ਆਵੇਗੀ। ਸ਼ੁਰੂਆਤੀ ਡਾਟਾ ਉਪਲਬਧਤਾ ਮਿਤੀ 30 ਜਨਵਰੀ 2020 ਹੈ। ਇਸ ਲਈ ਚੌਥੀ ਲਹਿਰ ਦੀ ਸੰਭਾਵਿਤ ਮਿਤੀ 22 ਜੂਨ 2022 ਤੋਂ ਸ਼ੁਰੂ ਹੋ ਸਕਦੀ ਹੈ, ਸਿਖਰ 23 ਅਗਸਤ ਦੇ ਆਸਪਾਸ ਹੋਵੇਗਾ ਤੇ ਲਹਿਰ 24 ਅਕਤੂਬਰ 2022 ਤੱਕ ਖਤਮ ਹੋ ਸਕਦੀ ਹੈ।
IIT ਕਾਨਪੁਰ ਦੇ ਗਣਿਤ ਤੇ ਅੰਕੜਾ ਵਿਭਾਗ ਦੇ ਸਭਰਾ ਪ੍ਰਸਾਦ ਰਾਜੇਸ਼ ਭਾਈ, ਸੁਭਰਾ ਸ਼ੰਕਰ ਧਰ ਅਤੇ ਸ਼ਲਭ ਦੀ ਅਗਵਾਈ ਵਿੱਚ ਕੀਤਾ ਗਿਆ ਇਹ ਅਧਿਐਨ ਦਰਸਾਉਂਦਾ ਹੈ ਕਿ ਚੌਥੀ ਲਹਿਰ ਦੀ ਗੰਭੀਰਤਾ ਦੇਸ਼ ਭਰ ਵਿੱਚ ਨਵੇਂ ਕੋਰੋਨਾਵਾਇਰਸ ਦੀ ਸਥਿਤੀ ਤੇ ਟੀਕਾਕਰਨ ਦੀ ਸਥਿਤੀ 'ਤੇ ਨਿਰਭਰ ਕਰੇਗੀ।
ਇਸ ਸਾਲ ਜੁਲਾਈ ਵਿੱਚ ਕੋਵਿਡ-19 ਦੀ ਚੌਥੀ ਲਹਿਰ ਦੀ ਭਵਿੱਖਬਾਣੀ ਕਰਨ ਵਾਲੇ ਆਈਆਈਟੀ-ਕਾਨਪੁਰ ਅਧਿਐਨ 'ਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪਾਲ ਨੇ ਕਿਹਾ ਸੀ, "ਆਈਆਈਟੀ-ਕਾਨਪੁਰ ਦਾ ਅਧਿਐਨ ਉੱਘੇ ਲੋਕਾਂ ਵਲੋਂ ਦਿੱਤਾ ਗਿਆ ਮਹੱਤਵਪੂਰਣ ਯੋਗਦਾਨ ਹੈ। ਸਮੁੱਚੀ ਤਰੰਗ ਪੂਰਵ ਅਨੁਮਾਨ ਡੇਟਾ ਤੇ ਅੰਕੜਿਆਂ 'ਤੇ ਅਧਾਰਤ ਹੈ ਤੇ ਅਸੀਂ ਸਮੇਂ-ਸਮੇਂ 'ਤੇ ਵੱਖ-ਵੱਖ ਅੰਦਾਜ਼ੇ ਦੇਖੇ ਹਨ। ਕਈ ਵਾਰ ਅਸੀਂ ਇਹ ਅੰਦਾਜ਼ੇ ਇੰਨੇ ਵੱਖਰੇ ਵੇਖੇ ਹਨ ਕਿ ਸਮਾਜ ਲਈ ਸਿਰਫ਼ ਅੰਦਾਜ਼ਿਆਂ ਦੇ ਆਧਾਰ 'ਤੇ ਫੈਸਲੇ ਲੈਣਾ ਅਸੁਰੱਖਿਅਤ ਹੋਵੇਗਾ। ਸਰਕਾਰ ਇਨ੍ਹਾਂ ਅਨੁਮਾਨਾਂ ਨੂੰ ਉਚਿਤ ਸਨਮਾਨ ਨਾਲ ਪੇਸ਼ ਕਰਦੀ ਹੈ ਕਿਉਂਕਿ ਇਹ ਉੱਘੇ ਲੋਕਾਂ ਵੱਲੋਂ ਕੀਤੀ ਖੋਜ ਹੈ।
ਇਹ ਵੀ ਪੜ੍ਹੋ: Coronavirus in India: ਭਾਰਤ 'ਚ ਮੁੜ ਪੈਰ ਪਸਾਰਣ ਲੱਗਿਆ ਕੋਰੋਨਾ, ਇੱਕ ਦਿਨ 'ਚ ਸਾਹਮਣੇ ਆਏ 2,100 ਤੋਂ ਵੱਧ ਕੇਸ