ED Raid: AAP ਆਗੂ ਸੌਰਭ ਭਾਰਦਵਾਜ ਦੇ ਘਰ ED ਦੀ ਛਾਪੇਮਾਰੀ, ਹਸਪਤਾਲ ਨਿਰਮਾਣ ਮਾਮਲੇ 'ਚ ਹੋਇਆ ਐਕਸ਼ਨ
ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਦਿੱਲੀ ਦੇ ਕਥਿਤ ਹਸਪਤਾਲ ਘੋਟਾਲੇ ਦੇ ਦੋਸ਼ਾਂ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ।

ED raids AAP leader Saurabh Bhardwaj’s house: ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਦਿੱਲੀ ਦੇ ਕਥਿਤ ਹਸਪਤਾਲ ਘੋਟਾਲੇ ਦੇ ਦੋਸ਼ਾਂ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਸਮੇਤ AAP ਦੇ ਕਈ ਆਗੂਆਂ ‘ਤੇ ਵੱਖ-ਵੱਖ ਮਾਮਲਿਆਂ ‘ਚ ED ਆਪਣਾ ਸ਼ਿਕੰਜਾ ਕੱਸ ਚੁੱਕੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕੇਂਦਰੀ ਜਾਂਚ ਏਜੰਸੀ ਸੌਰਭ ਭਾਰਦਵਾਜ ਤੱਕ ਪਹੁੰਚੀ ਹੈ।
13 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਨਿਰੋਧਕ ਸ਼ਾਖਾ (ACB) ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੈਲਥ ਇੰਫਰਾਸਟਰਕਚਰ ਪ੍ਰੋਜੈਕਟਾਂ ਵਿੱਚ ਕਥਿਤ ਘੋਟਾਲਿਆਂ ਨੂੰ ਲੈ ਕੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਅਤੇ ਸਤੇਂਦਰ ਜੈਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਈਡੀ ਕਰ ਰਹੀ ਹੈ। ਇਸੀ ਸਬੰਧ ਵਿੱਚ 13 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।
ਸਵੇਰੇ ਹੀ ਈਡੀ ਦੀ ਇੱਕ ਟੀਮ ਸੌਰਭ ਭਰਦਵਾਜ ਦੇ ਨਿਵਾਸ ਸਥਾਨ ‘ਤੇ ਪਹੁੰਚੀ। ਸਖ਼ਤ ਸੁਰੱਖਿਆ ਵਿਚਕਾਰ ਟੀਮ ਨੇ ਉਨ੍ਹਾਂ ਦੇ ਘਰ ਵਿੱਚ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
AAP ਪਾਰਟੀ ਦਾ ਕਹਿਣਾ ਸਾਡੇ ਨੇਤਾਵਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ
ਦਿੱਲੀ ਸਰਕਾਰ ਨੇ ਸਾਲ 2018-19 ਵਿੱਚ 5,590 ਕਰੋੜ ਰੁਪਏ ਦੀ ਲਾਗਤ ਨਾਲ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ। ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਬਿਨਾਂ ਕਾਰਨ ਦੇਰੀ ਕੀਤੀ ਗਈ ਅਤੇ ਇਨ੍ਹਾਂ ਦੀ ਲਾਗਤ ਬੇਹੱਦ ਵਧ ਗਈ। ਆਮ ਆਦਮੀ ਪਾਰਟੀ ਲਗਾਤਾਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇਤਾਵਾਂ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ।
ਸਤੇਂਦਰ ਜੈਨ ਦੇ ਜੇਲ੍ਹ ਜਾਣ ਤੋਂ ਬਾਅਦ ਸੌਰਭ ਭਾਰਦਵਾਜ ਨੂੰ ਦਿੱਲੀ ਸਰਕਾਰ ‘ਚ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸੌਰਭ ਪਾਰਟੀ ਦੇ ਤੇਜ਼-ਤਰਾਰ ਬੁਲਾਰੇ ਵੀ ਹਨ ਅਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾ ਜੇਲ੍ਹ ‘ਚ ਬੰਦ ਰਹੇ ਤਾਂ ਸੌਰਭ ਅਤੇ ਆਤਿਸ਼ੀ ਨੇ ਸਰਕਾਰ ਅਤੇ ਪਾਰਟੀ ਦਾ ਕੰਮਕਾਜ ਸੰਭਾਲਿਆ ਸੀ।






















