ਦੇਸ਼ 'ਚ ਨਵਾਂ ਸੰਕਟ, ਬਿਜਲੀ ਠੱਪ ਹੋਣ ਦਾ ਖਤਰਾ, 38 ਤਾਪ ਬਿਜਲੀ ਘਰਾਂ ਕੋਲ ਸਿਰਫ਼ 7 ਦਿਨਾਂ ਦਾ ਕੋਲਾ
ਬਿਜਲੀ ਖੇਤਰ ਦੇ ਇੱਕ ਮਾਹਿਰ ਨੇ ਕਿਹਾ ਕਿ ਸੀਈਏ ਵੱਲੋਂ ਕਿਸੇ ਪਲਾਂਟ ਨੂੰ ਕੋਲ਼ਾ ਭੰਡਾਰ ਦੇ ਮਾਮਲੇ ਵਿੱਚ ਗੰਭੀਰ ਜਾਂ ਅਤਿ ਗੰਭੀਰ ਵਜੋਂ ਵਰਗੀਕ੍ਰਿਤ ਕਰਨ ਦੇ ਕਾਰਨ ਹੋ ਸਕਦੇ ਹਨ।
ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਦੇਸ਼ ਵਿੱਚ ਨਹੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਬਿਜਲੀ ਠੱਪ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਦੇਸ਼ ’ਚ 46,720 ਮੈਗਾਵਾਟ ਦੀ ਸਮੂਹਕ ਸਮਰੱਥਾ ਦੇ 38 ਤਾਪ ਬਿਜਲੀ ਘਰਾਂ ਕੋਲ ਵਰਤੋਂ ਲਈ ਵੀਰਵਾਰ 22 ਅਪ੍ਰੈਲ ਨੂੰ ਸਿਰਫ਼ ਸੱਤ ਦਿਨਾਂ ਤੋਂ ਵੀ ਘੱਟ ਦਿਨਾਂ ਦਾ ਕੋਲ਼ਾ ਭੰਡਾਰ ਬਚਿਆ ਸੀ। ਇਹ ਜਾਣਕਾਰੀ ਕੇਂਦਰੀ ਬਿਜਲੀ ਅਥਾਰਟੀ (CEA) ਦੇ ਕੋਲ਼ੇ ਦੇ ਰੋਜ਼ਾਨਾ ਭੰਡਾਰ ਦੇ ਅੰਕੜਿਆਂ ਤੋਂ ਮਿਲੀ ਹੈ।
ਸੀਈਏ ਦੀ 22 ਅਪ੍ਰੈਲ, 2021 ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ 1,66,406 ਮੈਗਾਵਾਟ ਦੀ ਸਮੂਹਕ ਸਮਰੱਥਾ ਦੇ 135 ਬਿਜਲੀ ਪਲਾਂਟਸ ਵਿੱਚੋਂ ਕਿਸੇ ਕੋਲ ਵੀ ਕੋਲ਼ਾ ਭੰਡਾਰ ਦੀ ਸਥਿਤੀ ਗੰਭੀਰ ਜਾਂ ਬਹੁਤ ਗੰਭੀਰ ਨਹੀਂ ਸੀ। ਗ਼ੌਰਤਲਬ ਹੈ ਜੇ ਪਲਾਂਟ ਕੋਲ ਸੱਤ ਦਿਨਾਂ ਤੋਂ ਘੱਟ ਕੋਲਾ ਭੰਡਾਰ ਬਾਕੀ ਰਹਿ ਜਾਂਦਾ ਹੈ, ਤਾਂ ਇਹ ਹਾਲਤ ਗੰਭੀਰ ਮੰਨੀ ਜਾਂਦੀ ਹੈ। ਉੱਧਰ ਤਿੰਨ ਦਿਨਾਂ ਤੋਂ ਘੱਟ ਦਾ ਕੋਲ਼ਾ ਭੰਡਾਰ ਅਤਿ ਗੰਭੀਰ ਹਾਲਤ ਹੁੰਦੀ ਹੈ।
ਸੀਈਏ ਰੋਜ਼ਾਨਾ ਆਧਾਰ ਉੱਤੇ ਇਨ੍ਹਾਂ ਬਿਜਲੀ ਘਰਾਂ ਵਿੱਚ ਕੋਲ਼ਾ ਭੰਡਾਰ ਦੀ ਸਥਿਤੀ ਉੱਤੇ ਨਜ਼ਰ ਰੱਖਦਾ ਹੈ। ਬਿਜਲੀ ਖੇਤਰ ਦੇ ਇੱਕ ਮਾਹਿਰ ਨੇ ਕਿਹਾ ਕਿ ਸੀਈਏ ਵੱਲੋਂ ਕਿਸੇ ਪਲਾਂਟ ਨੂੰ ਕੋਲ਼ਾ ਭੰਡਾਰ ਦੇ ਮਾਮਲੇ ਵਿੱਚ ਗੰਭੀਰ ਜਾਂ ਅਤਿ ਗੰਭੀਰ ਵਜੋਂ ਵਰਗੀਕ੍ਰਿਤ ਕਰਨ ਦੇ ਕਾਰਨ ਹੋ ਸਕਦੇ ਹਨ ਪਰ ਤੱਥ ਇਹ ਹੈ ਕਿ ਤਾਪ ਬਿਜਲੀ ਘਰਾਂ ਕੋਲ ਕੋਲ਼ੇ ਦੀ ਘਾਟ ਹੈ। ਅਜਿਹੀ ਹਾਲਤ ਵਿੱਚ ਅਗਲੇ ਦਿਨਾਂ ’ਚ ਪਾਰਾ ਵਧਣ ਕਾਰਣ ਖਪਤ ਵਧਣ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਦੱਸ ਦੇਈਏ ਕਿ ਦੇਸ਼ ਵਿੱਚ 31 ਮਾਰਚ, 2021 ਤੱਕ ਕੁੱਲ ਸਥਾਪਤ ਬਿਜਲੀ ਸਮਰੱਥਾ 377 ਗੀਗਾਵਾਟ ਦੀ ਸੀ। ਇਸ ਵਿੱਚੋਂ 200 ਗੀਗਾਵਾਟ ਕੋਲਾ ਆਧਾਰਤ, 48 ਮੈਗਾਵਾਟ ਪਣ ਬਿਜਲੀ ਤੇ 93 ਗੀਗਾਵਾਟ ਸੂਰਜੀ ਜਾਂ ਪੌਣ ਜਿਹੀ ਅਖੁੱਟ ਊਰਜਾ ਸਮਰੱਥਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੂਰਜੀ ਜਾਂ ਪਣ ਬਿਜਲੀ ਸਰੋਤਾਂ ਨਾਲ ਗਰਮੀਆਂ ਵਿੱਚ ਉਤਪਾਦਨ ਵਧੇਗਾ ਪਰ ਕੋਲਾ ਆਧਾਰਤ ਪਲਾਂਟ ਮੁੱਖ ਲੋਡ ਲੈਂਦੇ ਹਨ, ਜੋ ਗ੍ਰਿੱਡ ਦੀ ਸਥਿਰਤਾ ਤੇ ਗਰਮੀਆਂ ਦੇ ਸੀਜ਼ਨ ਦੀ ਉਚੇਰੀ ਮੰਗ ਪੂਰੀ ਕਰਨ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ: ਮਹੀਨੇ ਬਾਅਦ ਵੀ ਨਹੀਂ ਮਿਲੀ ਅਵਿਨਾਸ਼ ਸਿੰਘ ਦੀ ਕੋਈ ਖ਼ਬਰ! ਸਿੱਖ ਭਾਈਚਾਰੇ 'ਚ ਵਧਿਆ ਰੋਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904