ਕਰਨਾਲ ਤੋਂ ਫੜੇ ਗਏ ਦਹਿਸ਼ਤਗਰਦ ਫਰਜ਼ੀ RC ਤੇ ਨੰਬਰ ਪਲੇਟਾਂ ਦੀ ਕਰਦੇ ਸੀ ਵਰਤੋਂ, ਪੁੱਛਗਿੱਛ 'ਚ ਵੱਡਾ ਖੁਲਾਸਾ
ਹਰਿਆਣਾ ਦੇ ਕਰਨਾਲ 'ਚ ਫੜ੍ਹੇ ਗਏ 4 ਦਹਿਸ਼ਤਗਰਦਾਂ ਕੱਲੋਂ ਦੋ ਫਰਜ਼ੀ ਗੱਡੀਆਂ ਦੀ RC ਬਰਾਮਦ ਹੋਈ ਹੈ। ਮੁਲਜ਼ਮ ਪੰਜਾਬ ਵਿੱਚ ਨਕਲੀ RC ਤੇ ਨੰਬਰ ਪਲੇਟ ਨਾਲ ਗੱਡੀ ਚਲਾਉਂਦੇ ਸੀ।
ਕਰਨਾਲ: ਹਰਿਆਣਾ ਦੇ ਕਰਨਾਲ 'ਚ ਫੜ੍ਹੇ ਗਏ 4 ਦਹਿਸ਼ਤਗਰਦਾਂ ਕੱਲੋਂ ਦੋ ਫਰਜ਼ੀ ਗੱਡੀਆਂ ਦੀ RC ਬਰਾਮਦ ਹੋਈ ਹੈ। ਮੁਲਜ਼ਮ ਪੰਜਾਬ ਵਿੱਚ ਨਕਲੀ RC ਤੇ ਨੰਬਰ ਪਲੇਟ ਨਾਲ ਗੱਡੀ ਚਲਾਉਂਦੇ ਸੀ। ਪੁਲਿਸ ਨੇ ਇਨ੍ਹਾਂ ਪਾਸੋਂ ਪਾਨੀਪਤ ਤੇ ਯਮੂਨਾਨਗਰ ਦੀਆਂ ਗੱਡੀਆਂ ਦੀ ਫਰਜ਼ੀ RC ਤੇ ਨੰਬਰ ਪਲੇਟ ਬਰਾਮਦ ਕੀਤੀ ਹੈ। ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਤੇ ਮਹਿੰਦਰਾ ਸਕੋਰਪੀਓ ਦੀ ਫਰਜ਼ੀ RC ਤੇ ਨੰਬਰ ਪਲੇਟ ਇਸਤਮਾਲ ਕਰ ਰਹੇ ਸੀ।
ਗ੍ਰਿਫ਼ਤਾਰ ਚਾਰ ਮੁਲਜ਼ਮਾਂ ਨੂੰ ਵੱਖ-ਵੱਖ ਜਾਂਚ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ। ਪੰਜਾਬ ਪੁਲਿਸ ਨੇ ਜੇਲ੍ਹ ਵਿੱਚੋਂ ਰਾਜਬੀਰ ਦਾ ਪ੍ਰੋਡਕਸ਼ਨ ਵਾਰੰਟ ਲਿਆ ਤੇ ਗੱਲਬਾਤ ਸ਼ੁਰੂ ਕੀਤੀ।ਪੁਲਿਸ ਇਨ੍ਹਾਂ ਦਹਿਸ਼ਤਗਰਦਾਂ ਨੂੰ ਫਿਰੋਜ਼ਪੁਰ ਤੇ ਤਰਨ ਤਾਰਨ ਵੀ ਲੈ ਕੇ ਗਈ।
ਉਧਰ, ਬੀਤੇ ਦਿਨੀਂ ਪੰਜਾਬ ਦੇ ਮੁਹਾਲੀ ਵਿੱਚ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹੋਏ ਹਮਲੇ ਵਿੱਚ ਇਨ੍ਹਾਂ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁੱਛ ਪੜਤਾਲ ਦੌਰਾਨ ਇਹ ਵੀ ਸਾਫ ਹੋਇਆ ਹੈ ਕਿ ਪਾਕਿਸਤਾਨ 'ਚ ਲੁੱਕਿਆ ਗੈਂਗਸਟਰ ਰਿੰਦਾ ਇਹਨ੍ਹਾਂ ਨੂੰ ਧਮਾਕਾਖੇਜ਼ ਸਮੱਗਰੀ ਦੇ ਨਾਲ ਡਰੱਗਜ਼ ਵੀ ਭੇਜਦਾ ਸੀ। ਨਸ਼ੇ ਤੋਂ ਜੋ ਪੈਸੇ ਮਿਲਦੇ ਸੀ ਇਹ ਉਸ ਪੈਸੇ ਨਾਲ ਆਪਣੇ ਕੰਮ ਕਰਦੇ ਸੀ। ਹਵਾਲਾ ਨਾਲ ਵੀ ਇਨ੍ਹਾਂ ਦਹਿਸ਼ਤਗਰਦਾਂ ਦੇ ਤਾਰ ਜੁੜ ਰਹੇ ਹਨ।
ਕਰਨਾਲ ਜ਼ਿਲ੍ਹਾ ਪੁਲਿਸ ਨੇ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਸੀ। ਫੜ੍ਹੇ ਗਏ ਮੁਲਜ਼ਮਾਂ ਤੋਂ ਹਥਿਆਰਾਂ ਤੋਂ ਇਲਾਵਾ ਵੱਡੀ ਮਾਤਰਾ 'ਚ ਗੋਲੀਆਂ ਬਾਰੂਦ ਵੀ ਬਰਾਮਦ ਹੋਇਆ ਸੀ। ਇੱਕ ਪਿਸਟਲ, 31 ਕਾਰਤੂਸ, 3 IED, ਤੇ ਕੁਝ ਵਿਸਫੋਟਕ ਪਦਾਰਥ ਵੀ ਬਰਾਮਦ ਹੋਇਆ ਸੀ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਪੁਲਿਸ ਨੇ ਬੀਤੇ ਵੀਰਵਾਰ ਸਵੇਰੇ ਨੈਸ਼ਨਲ ਹਾਈਵੇਅ ਤੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਹ ਇੱਕ ਇਨੋਵਾ ਕਾਰ ਵਿੱਚ ਹਾਈਵੇਅ ਤੋਂ ਲੰਘ ਰਹੇ ਸਨ। ਇੰਟੈਲੀਜੈਂਸ ਬਿਊਰੋ (ਆਈਬੀ) ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ।
ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਬਸਤਾਰਾ ਟੋਲ ਪਲਾਜ਼ਾ ਨੇੜੇ ਨਾਕਾ ਲਾ ਕੇ ਇਨੋਵਾ ਗੱਡੀ ਨੂੰ ਚੈਕਿੰਗ ਲਈ ਰੋਕ ਲਿਆ। ਗੱਡੀ 'ਚੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਇਨੋਵਾ ਸਵਾਰਾਂ ਨੂੰ ਕਾਬੂ ਕਰ ਲਿਆ।