ਕਿਸਾਨਾਂ ਦੇ ਹੱਕ 'ਚ ਡਟੀ ਟੀਆਰਐਸ, ਸੰਸਦ ਦੇ ਸੈਸ਼ਨ ਦੇ ਬਾਈਕਾਟ ਦਾ ਐਲਾਨ
ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਅੱਜ ਕੇਂਦਰ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਾਉਂਦਿਆਂ ਸੰਸਦ ਦੇ ਮੌਜੂਦਾ ਸੈਸ਼ਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਅੱਜ ਕੇਂਦਰ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਾਉਂਦਿਆਂ ਸੰਸਦ ਦੇ ਮੌਜੂਦਾ ਸੈਸ਼ਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਟੀਆਰਐਸ ਦਾ ਕੇਂਦਰ ਸਰਕਾਰ ਨੂੰ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਟੀਆਰਐਸ ਕੇਂਦਰ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ ਐਲਾਨ ਕੀਤਾ ਕਿ ਉਸ ਦੇ ਸੰਸਦ ਮੈਂਬਰ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਬਾਕੀ ਬਚੇ ਸਮੇਂ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਦਾ ਬਾਈਕਾਟ ਕਰਨਗੇ। ਟੀਆਰਐਸ ਦੇ ਮੈਂਬਰਾਂ ਨੇ ਲੋਕ ਸਭਾ ਤੇ ਰਾਜ ਸਭਾ ਤੋਂ ਵਾਕਆਊਟ ਕਰਦਿਆਂ ਸਰਕਾਰ ਖ਼ਿਲਾਫ਼ ਤੇ ਕਿਸਾਨਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਸਾਰੇ ਸੰਸਦ ਮੈਂਬਰਾਂ ਨੇ ਕਾਲੇ ਚੋਗੇ ਪਾਏ ਹੋਏ ਸਨ। ਪਾਰਟੀ ਆਗੂ ਕੇਸ਼ਵ ਰਾਓ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅਸੰਵੇਦਨਸ਼ੀਲ ਹੈ ਤੇ ਕਿਸਾਨ ਵਿਰੋਧੀ ਹੈ। ਟੀਆਰਐਸ ਦੇ ਐਕਸ਼ਨ ਨਾਲ ਸਪਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਦੇਸ਼ ਦੇ ਹੋਰ ਸੂਬਿਆਂ ਤੱਕ ਫੈਲ ਗਿਆ ਹੈ ਜਿਸ ਕਰਕੇ ਸਿਆਸੀ ਪਾਰਟੀਆਂ ਕੇਂਦਰ ਸਰਕਾਰ ਖਿਲਾਫ ਡਟਣ ਲੱਗੀਆਂ ਹਨ।
ਰਾਹੁਲ ਗਾਂਧੀ ਨੇ ਸ਼ਹੀਦ ਕਿਸਾਨਾਂ ਦੀ ਪੇਸ਼ ਕੀਤੀ ਲਿਸਟ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ। ਰਾਹੁਲ ਗਾਂਧੀ ਨੇ ਸਦਨ ਵਿੱਚ ਲਿਸਟ ਵਿਖਾਉਂਦਿਆਂ ਸਰਕਾਰ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਕਿ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਲੋਕ ਸਭਾ 'ਚ ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ।
ਰਾਹੁਲ ਨੇ ਕਿਹਾ, ਖੇਤੀਬਾੜੀ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਉਨ੍ਹਾਂ ਕੋਲ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ। ਇਸ ਬਾਰੇ ਅਸੀਂ ਤਹਿਕੀਕਾਤ ਕੀਤੀ ਤਾਂ ਪਤਾ ਲੱਗਾ ਪੰਜਾਬ ਸਰਕਾਰ ਨੇ 400 ਦੇ ਕਰੀਬ ਕਿਸਾਨਾਂ ਨੂੰ 5 ਲੱਖ ਦਾ ਮੁਆਵਜ਼ਾ ਤੇ 152 ਕਿਸਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਮੇਰੇ ਕੋਲ ਇਹ ਸੂਚੀ ਹੈ, ਜੋ ਮੈਂ ਸਦਨ ਦੇ ਸਾਹਮਣੇ ਰੱਖ ਰਿਹਾ ਹਾਂ।
ਰਾਹੁਲ ਗਾਂਧੀ ਨੇ ਅੱਗੇ ਕਿਹਾ, ਅਸੀਂ ਹਰਿਆਣਾ ਦੇ 70 ਕਿਸਾਨਾਂ ਦੀ ਸੂਚੀ ਬਣਾਈ ਹੈ, ਜਿਸ ਨੂੰ ਮੈਂ ਸਦਨ ਦੇ ਸਾਹਮਣੇ ਰੱਖ ਰਿਹਾ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਪੀਐਮ ਮੋਦੀ ਨੇ ਮੁਆਫ਼ੀ ਮੰਗੀ ਹੈ ਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ ਜਾਂ ਸਰਕਾਰ ਕੋਲ ਉਨ੍ਹਾਂ ਦੇ ਰਿਕਾਰਡ ਨਹੀਂ ਹਨ। ਮੈਂ ਚਾਹੁੰਦਾ ਹਾਂ ਕਿ ਜੋ ਵੀ ਉਨ੍ਹਾਂ ਦਾ ਹੱਕ ਹੈ ਤੇ ਪੀਐਮ ਮੋਦੀ ਨੇ ਜੋ ਕਿਹਾ ਹੈ, ਮੁਆਫੀ ਮੰਗੀ ਹੈ, ਉਨ੍ਹਾਂ ਦਾ ਹੱਕ ਪੂਰਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :