ਕੈਪਟਨ ਨੇ ਕੁੱਟਣ ਤੇ ਲੁੱਟਣ 'ਚ ਬਾਦਲਾਂ ਨੂੰ ਮਾਤ ਪਾਉਣ ਦੀ ਠਾਣੀ, 'ਆਪ' ਦਾ ਤਿੱਖਾ ਵਾਰ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਘਰ-ਘਰ ਨੌਕਰੀ' ਦੇਣ ਵਰਗੇ ਝੂਠੇ ਵਾਅਦੇ ਕਰਕੇ ਸੱਤਾ ਲੈਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਬਾਦਲਾਂ ਦੀ ਨਾਪਾਕ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਇੰਜ ਜਾਪਦਾ ਹੈ ਜਿਵੇਂ ਕੈਪਟਨ ਨੇ ਬੇਰੁਜ਼ਗਾਰਾਂ ਸਮੇਤ ਹਰੇਕ ਵਰਗ ਨੂੰ ਕੁੱਟਣ ਤੇ ਲੁੱਟਣ 'ਚ ਬਾਦਲਾਂ ਦੇ 'ਮਾਫ਼ੀਆ ਰਾਜ' ਨੂੰ ਮਾਤ ਪਾਉਣ ਦੀ ਠਾਣ ਲਈ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਈਟੀਟੀ ਤੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਪਾਰਟੀ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਘਰ-ਘਰ ਨੌਕਰੀ' ਦੇਣ ਵਰਗੇ ਝੂਠੇ ਵਾਅਦੇ ਕਰਕੇ ਸੱਤਾ ਲੈਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਬਾਦਲਾਂ ਦੀ ਨਾਪਾਕ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਇੰਜ ਜਾਪਦਾ ਹੈ ਜਿਵੇਂ ਕੈਪਟਨ ਨੇ ਬੇਰੁਜ਼ਗਾਰਾਂ ਸਮੇਤ ਹਰੇਕ ਵਰਗ ਨੂੰ ਕੁੱਟਣ ਤੇ ਲੁੱਟਣ 'ਚ ਬਾਦਲਾਂ ਦੇ 'ਮਾਫ਼ੀਆ ਰਾਜ' ਨੂੰ ਮਾਤ ਪਾਉਣ ਦੀ ਠਾਣ ਲਈ ਹੈ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਦੀ ਤਾਨਾਸ਼ਾਹ ਰਾਜੇ ਵਾਲੀ ਕਾਰਜਸ਼ੈਲੀ ਸਾਰੀਆਂ ਹੱਦਾਂ ਟੱਪ ਚੁੱਕੀ ਹੈ, ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚੀਮਾ ਮੁਤਾਬਕ ਇੱਕ ਪਾਸੇ ਸਰਕਾਰੀ ਸਕੂਲ ਅਧਿਆਪਕਾਂ ਤੇ ਸਟਾਫ਼ ਨੂੰ ਤਰਸ ਰਹੇ ਹਨ, ਦੂਜੇ ਪਾਸੇ ਈਟੀਟੀ ਤੇ ਟੈਟ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰਕੇ ਮੁਕੰਮਲ ਅਧਿਆਪਕ ਯੋਗਤਾ ਰੱਖਣ ਵਾਲੇ ਹਜ਼ਾਰਾਂ ਹੋਣਹਾਰ ਲੜਕੇ-ਲੜਕੀਆਂ ਨੌਕਰੀ ਲਈ ਸੜਕਾਂ 'ਤੇ ਰੁਲ ਰਹੇ ਹਨ।
ਪ੍ਰਿੰਸੀਪਲ ਬੁੱਧ ਰਾਮ ਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੰਗਰੂਰ 'ਚ ਈਟੀਟੀ ਤੇ ਟੈਟ ਪਾਸ ਬੇਰੁਜ਼ਗਾਰ 20 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਖ਼ਸਤਾ-ਹਾਲ ਪਾਣੀ ਦੀ ਟੈਂਕ 'ਤੇ ਚੜ੍ਹੇ ਬੈਠੇ ਹਨ। ਟੈਂਕੀ 'ਤੇ ਚੜ੍ਹਨ ਵਾਲੇ ਲੜਕੇ-ਲੜਕਿਆਂ 'ਚ ਸਰੀਰਕ ਪੱਖੋਂ ਅਪੰਗ ਵੀ ਸ਼ਾਮਲ ਹਨ, ਜਿੰਨਾ ਦੀ ਹਾਲਤ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ, ਪਰ ਸਰਕਾਰ ਜਾਂ ਸਿੱਖਿਆ ਮੰਤਰੀ ਸਿੰਗਲਾ ਨੇ ਉਨ੍ਹਾਂ ਕੋਲ ਜਾ ਕੇ ਗੱਲਬਾਤ ਤਕ ਨਹੀਂ ਕੀਤੀ। ਉਲਟਾ ਪੁਲਿਸ ਭੇਜ ਕੇ ਤਾਨਾਸ਼ਾਹੀ ਵਤੀਰਾ ਦਿਖਾਇਆ। 'ਆਪ' ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਅਜਿਹੇ ਵਰਤਾਓ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।