ਕਿਸਾਨ ਆਗੂ ਧਨੇਰ ਦੀ ਸਜ਼ਾ ਮੁਆਫ਼ੀ ਲਈ ਗ੍ਰਹਿ ਸਕੱਤਰ ਨੂੰ ਮਿਲਿਆ 'ਆਪ' ਦਾ ਵਫਦ
ਵਫ਼ਦ ਦੇ ਵਿਧਾਇਕਾਂ ਨੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਕੀਤਾ ਕਿ ਇਸ ਧਨੇਰ ਦੀ ਸਜ਼ਾ ਮੁਆਫੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ, ਰਾਜ ਪਾਲ ਪੰਜਾਬ ਤੇ ਹੋਰ ਉੱਚ ਅਧਿਕਾਰੀਆਂ ਨਾਲ 'ਆਪ' ਸਮੇਤ ਵੱਖ-ਵੱਖ ਸੰਗਠਨਾਂ ਵੱਲੋਂ ਲਗਾਤਾਰ ਸੰਪਰਕ ਕੀਤਾ ਗਿਆ, ਪਰ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਮਾਮਲੇ ਨੂੰ ਨਜਾਇਜ਼ ਤੌਰ 'ਤੇ ਲਟਕਾਇਆ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਦੇ ਬਹੁਚਰਚਿਤ ਮਹਿਲ ਕਲਾਂ ਦੇ ਕਿਰਨਜੀਤ ਕਾਂਡ ਦੇ ਇਨਸਾਫ਼ ਨੂੰ ਲੈ ਕੇ ਉਸ ਸਮੇਂ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਦੇ ਵਫ਼ਦ ਨੇ ਐਡੀਸ਼ਨਲ ਚੀਫ ਸੈਕਟਰੀ ਤੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਤੀਸ਼ ਚੰਦਰਾ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਵਫ਼ਦ ਦੇ ਵਿਧਾਇਕਾਂ ਨੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਕੀਤਾ ਕਿ ਇਸ ਧਨੇਰ ਦੀ ਸਜ਼ਾ ਮੁਆਫੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ, ਰਾਜ ਪਾਲ ਪੰਜਾਬ ਤੇ ਹੋਰ ਉੱਚ ਅਧਿਕਾਰੀਆਂ ਨਾਲ 'ਆਪ' ਸਮੇਤ ਵੱਖ-ਵੱਖ ਸੰਗਠਨਾਂ ਵੱਲੋਂ ਲਗਾਤਾਰ ਸੰਪਰਕ ਕੀਤਾ ਗਿਆ, ਪਰ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਮਾਮਲੇ ਨੂੰ ਨਜਾਇਜ਼ ਤੌਰ 'ਤੇ ਲਟਕਾਇਆ ਜਾ ਰਿਹਾ ਹੈ।
ਇਸ ਦਾ ਜਵਾਬ ਦਿੰਦਿਆਂ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਸਬੰਧਿਤ ਕੇਸ ਦੀ ਫਾਈਲ ਗਵਰਨਰ ਨੂੰ ਭੇਜੀ ਗਈ ਸੀ ਪਰ ਕੁੱਝ ਕਮੀਆਂ ਕਰਕੇ ਫਾਈਲ ਵਾਪਸ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਇਸ ਦੀ ਤੁਰੰਤ ਤੇ ਬਾਰੀਕੀ ਨਾਲ ਪੜਤਾਲ ਕਰਕੇ ਰਾਜਪਾਲ ਪੰਜਾਬ ਨੂੰ ਭੇਜੀ ਜਾਵੇਗੀ, ਇਸ ਉਪਰੰਤ ਮਸਲੇ ਦਾ ਹੱਲ ਕੀਤਾ ਜਾ ਸਕੇਗਾ।
ਉੱਧਰ ਪੰਜਾਬ ਦੀਆਂ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਰਨਾਲਾ ਜੇਲ੍ਹ ਦੇ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਗਿਆ ਹੈ। ਇਸ ਲਈ ਸਤੀਸ਼ ਚੰਦਰਾ ਨੇ ਮਾਮਲੇ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ।