Farmer Protest: ਆਖ਼ਰ ਸ਼ੰਭੂ ਬਾਰਡਰ 'ਤੇ ਕਿਉਂ ਜ਼ਿਆਦਾ ਵਿਗੜੇ ਨੇ ਹਲਾਤ, ਜਾਣੋ ਹੁਣ ਤੱਕ ਕੀ ਹੋਇਆ ?
ਹਰਿਆਣਾ ਪੁਲਿਸ ਨੇ ਵੀ ਸਰਹੱਦ ’ਤੇ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਹ ਵਾਪਸ ਪਰਤਣਗੇ।
Farmer Protest: ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਲਈ ਅੰਬਾਲਾ ਦੇ ਸ਼ੰਭੂ ਬਾਰਡਰ 'ਤੇ ਪੁੱਜੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਮੰਗਲਵਾਰ ਨੂੰ ਜ਼ਬਰਦਸਤ ਝੜਪ ਹੋ ਗਈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੂੰ ਖਦੇੜਨ ਲਈ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਜਿਸ ਕਾਰਨ ਹੰਗਾਮਾ ਹੋ ਗਿਆ, ਕਈ ਕਿਸਾਨ ਜ਼ਖਮੀ ਹੋ ਗਏ, ਜਦਕਿ ਵੱਡੀ ਗਿਣਤੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।
ਇਸ ਦੇ ਜਵਾਬ 'ਚ ਕਿਸਾਨਾਂ ਨੇ ਪੁਲਿਸ 'ਤੇ ਪਥਰਾਅ ਕੀਤਾ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਨਾਲ ਟੱਕਰ ਮਾਰ ਕੇ ਕੁਝ ਬੈਰੀਕੇਡ ਵੀ ਤੋੜ ਦਿੱਤੇ। ਕਿਸਾਨਾਂ ਨੇ ਦਰਿਆ ਦੇ ਕੰਢਿਆਂ ਨੂੰ ਉੱਚਾ ਕਰਨ ਲਈ ਲਗਾਈ ਰੇਲਿੰਗ ਨੂੰ ਵੀ ਤੋੜ ਦਿੱਤਾ ਅਤੇ ਪਾਣੀ ਵਿੱਚ ਸੁੱਟ ਦਿੱਤਾ। ਪੁਲਿਸ ਨੇ ਦਿਨ ਭਰ ਵਿੱਚ ਕਈ ਵਾਰ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ।
ਕਿਵੇਂ ਪ੍ਰਦਰਸ਼ਨ ਹੋਇਆ ਹਿੰਸਕ ?
ਜ਼ਿਕਰ ਕਰ ਦਈਏ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਤੱਕ ਮਾਰਚ ਕਰਨ ਲਈ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਪਹੁੰਚੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸਵੇਰੇ 11.45 ਵਜੇ ਚਿਤਾਵਨੀ ਦਿੱਤੀ ਕਿ ਧਾਰਾ 144 ਲਾਗੂ ਹੈ, ਇਸ ਲਈ ਉਹ ਵੱਡੇ ਪੱਧਰ 'ਤੇ ਇਕੱਠੇ ਨਾ ਹੋਣ। ਜਿਵੇਂ ਹੀ ਉਨ੍ਹਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ ਵੀ ਕਿਸਾਨ ਨਾ ਮੰਨੇ ਤਾਂ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਕਈ ਕਿਸਾਨ ਹੋਏ ਜ਼ਖ਼ਮੀ
ਇਸ ਕਾਰਵਾਈ ਨਾਲ ਕਿਸਾਨਾਂ ਵਿੱਚ ਇੱਕ ਵਾਰ ਭਗਦੜ ਮੱਚ ਗਈ। ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ ਪਰ ਜਵਾਬ 'ਚ ਗੁੱਸੇ 'ਚ ਆਏ ਕਿਸਾਨਾਂ ਨੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਨਾਲ ਦੋ ਮਲਟੀ ਬੈਰੀਕੇਡ ਵੀ ਤੋੜ ਦਿੱਤੇ। ਇਹ ਸਭ ਦੇਖਦੇ ਹੋਏ ਪੁਲਿਸ ਨੇ 12.30 ਦੇ ਕਰੀਬ ਫਿਰ ਅੱਥਰੂ ਗੈਸ ਦੇ ਗੋਲੇ ਛੱਡੇ।
ਕਿਸਾਨ ਦਿੱਲੀ ਜਾਣ ਲਈ ਬਜਿੱਦ
ਇਸ ਵਾਰ ਕਿਸਾਨਾਂ ਨੇ ਧੂੰਏਂ ਤੋਂ ਬਚਣ ਲਈ ਇਨ੍ਹਾਂ ਗੋਲ਼ਿਆਂ ’ਤੇ ਗਿੱਲੀਆਂ ਬੋਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਲਗਾਤਾਰ ਝੜਪਾਂ ਹੁੰਦੀਆਂ ਰਹੀਆਂ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਰ ਪਾਸੇ ਫੈਲੇ ਧੂੰਏਂ ਕਾਰਨ ਕਿਸਾਨ ਬੇਚੈਨੀ ਮਹਿਸੂਸ ਕਰ ਰਹੇ ਸਨ ਪਰ ਉਹ ਅੱਗੇ ਵਧਣ 'ਤੇ ਅੜੇ ਰਹੇ।ਹਰਿਆਣਾ ਪੁਲਿਸ ਨੇ ਵੀ ਸਰਹੱਦ ’ਤੇ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਹ ਵਾਪਸ ਪਰਤਣਗੇ।