‘ਪੁਲਿਸ ਦੀਆਂ ਪੈਂਟਾਂ ਗਿੱਲੀਆਂ’ ਵਾਲੇ ਬਿਆਨ 'ਤੇ ਫਸ ਗਏ Navjot Sidhu, ਅਕਾਲੀ ਦਲ ਨੇ ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਰੰਧਾਵਾ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੁਲਿਸ ਅਫਸਰਾਂ ਖਿਲਾਫ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ ਹੋਣ’ ਵਾਲੇ ਵਿਵਾਦਤ ਬਿਆਨ ਕਾਰਨ ਪੁਲਿਸ ਮਹਿਕਮੇ ਵਿੱਚ ਕਾਫੀ ਗੁੱਸਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਨਵਜੋਤ ਸਿੱਧੂ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਘੇਰਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੁਲਿਸ ਅਫਸਰਾਂ ਖਿਲਾਫ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਇਸ 'ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ। ਇਸ ਮਾਮਲੇ ਵਿੱਚ ਪਹਿਲਾਂ ਇੱਕ ਡੀਐਸਪੀ ਨੂੰ ਬੋਲਣਾ ਪਿਆ ਤੇ ਹੁਣ ਐਸਆਈ ਨੂੰ ਬੋਲਣਾ ਪਿਆ ਹੈ। ਵਰਦੀ ਵਿੱਚ ਹੁੰਦਿਆਂ ਇੱਕ ਸ਼ਕਤੀਸ਼ਾਲੀ ਬੰਦੇ ਖਿਲਾਫ ਬੋਲਣਾ ਬਹੁਤ ਔਖਾ ਹੁੰਦਾ ਹੈ। ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਨ੍ਹਾਂ ਦੇ ਅੰਦਰਲੇ ਗੁੱਸੇ ਤੇ ਮਾਨਸਿਕ ਅਵਸਥਾ ਸਮਝਣੀ ਚਾਹੀਦੀ ਹੈ।
ਚੀਮਾ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਖਿਲਾਫ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਜੋ ਪਹਿਲਾਂ ਟਿੱਪਣੀਆਂ ਕੀਤੀਆਂ ਹਨ, ਉਹ ਵਾਪਸ ਲੈ ਕੇ ਪੁਲਿਸ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇੱਜ਼ਤ ਕਾਇਮ ਰਹੇ।'
— Dr Daljit S Cheema (@drcheemasad) December 27, 2021
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਇੱਕ ਕਾਂਗਰਸੀ ਵਿਧਾਇਕ ਦੇ ਹੱਕ ਤੇ ਹਮਾਇਤ ਵਿੱਚ ਆਉਂਦਿਆਂ ਜੋਸ਼-ਜੋਸ਼ ਵਿੱਚ ਕਹਿ ਦਿੱਤਾ ਸੀ, ‘‘ਜੇਕਰ ਚੀਮਾ ਇੱਕ ਦਬਕਾ ਮਾਰ ਦੇਵੇ ਤਾਂ ਪੁਲਿਸ ਅਧਿਕਾਰੀਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ।’’
ਇਸ ਦਾ ਮੋੜਵਾਂ ਜਵਾਬ ਦਿੰਦਿਆਂ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਭ ਤੋਂ ਪਹਿਲਾਂ ਆਪਣੇ ਸ਼ਾਇਰੀ ਵਾਲੇ ਅੰਦਾਜ਼ ਵਿੱਚ ਕਿਹਾ, ‘‘ਸਿਆਸਤ ਦੇ ਰੰਗਾਂ ਵਿੱਚ ਐਨਾ ਨਾ ਡੁੱਬੋ ਕਿ ਸ਼ੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ, ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ।’’ ਉਨ੍ਹਾਂ ਕਿਹਾ, ‘‘ਪੁਲਿਸ ਦੀ ਜ਼ਮੀਰ ਵੀ ਹੈ ਤੇ ਸਤਿਕਾਰ ਵੀ। ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਪੂਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।’’
ਚੰਡੀਗੜ੍ਹ ਪੁਲਿਸ ਦੇ ਇਸ ਅਧਿਕਾਰੀ ਦੀ ਵਾਇਰਲ ਹੋਈ ਲਾਈਵ ਵੀਡੀਓ ਵਿੱਚ ਅਧਿਕਾਰੀ ਨੇ ਕਿਹਾ ਕਿ ਸਿੱਧੂ ਨੇ ਇੱਕ ਜਨਤਕ ਮੀਟਿੰਗ ਵਿੱਚ “ਪੁਲਿਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ’’ ਵਾਲੀ ਗੱਲ ਆਖ ਕੇ ਪੁਲਿਸ ਦਾ ਮਜ਼ਾਕ ਉਡਾਇਆ ਹੈ ਤੇ ਫੋਰਸਾਂ ਦਾ ਮਨੋਬਲ ਡੇਗਿਆ ਹੈ।’’
ਇਹ ਵੀ ਪੜ੍ਹੋ: Punjab Election 2022: ਵੱਡੀ ਖ਼ਬਰ! 3 ਜਨਵਰੀ ਨੂੰ ਚੜ੍ਹੇਗਾ ਪੰਜਾਬ ਦਾ ਸਿਆਸੀ ਪਾਰਾ, ਰਾਹੁਲ ਤੇ ਮੋਦੀ ਕਰ ਸਕਦੇ ਵੱਡੀਆਂ ਰੈਲੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin