ਅੰਮ੍ਰਿਤਪਾਲ ਸਿੰਘ 'ਤੇ ਹੇਟ ਸਪੀਚ ਤੋਂ ਲੈ ਕੇ ਅਗਵਾ ਕਰਨ ਤੱਕ ਦੇ ਮਾਮਲੇ ਦਰਜ, ਜਾਣੋ ਕਦੋਂ ਤੱਕ ਹੋਵੇਗੀ ਜੇਲ੍ਹ
ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਅਜੇ ਫਰਾਰ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਚਾਰ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਹੈ।
Punjab Police: 'ਵਾਰਿਸ ਪੰਜਾਬ ਦੇ' ਦੇ ਮੁਖੀ ਤੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਅੱਜ ਤੀਜੇ ਦਿਨ ਵੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਜਥੇਬੰਦੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦਾ ਫਰਜੀ ਐਨਕਾਊਂਟਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਅਜੇ ਫਰਾਰ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਚਾਰ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਖਿਲਾਫ਼ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਆਓ ਜਾਣਦੇ ਹਾਂ ਅੰਮ੍ਰਿਤਪਾਲ ਸਿੰਘ ਖਿਲਾਫ਼ ਹੁਣ ਤੱਕ ਕਿਹੜੀਆਂ-ਕਿਹੜੀਆਂ ਧਾਰਾਵਾਂ 'ਚ ਕੇਸ ਦਰਜ ਹਨ ਤੇ ਇਨ੍ਹਾਂ ਨੂੰ ਕੀ ਸਜ਼ਾ ਹੋਵੇਗੀ?
ਅਜਨਾਲਾ 'ਚ ਪਹਿਲਾ ਮਾਮਲਾ ਦਰਜ
ਅਜਨਾਲਾ ਕਾਂਡ ਸਬੰਧੀ ਪਹਿਲਾ ਮਾਮਲਾ ਆਨੰਦਪੁਰ ਖਾਲਸਾ ਫੋਰਸ ਦੇ ਨਾਂ ‘ਤੇ ਪ੍ਰਾਈਵੇਟ ਫੌਜ ਰੱਖਣ ਦੇ ਇਲਜ਼ਾਮ ਵਿੱਚ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਮਹੀਨੇ 23 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਅੰਮ੍ਰਿਤਪਾਲ ਆਪਣੀ ਪੂਰੀ ਫੌਜ ਸਣੇ ਆਪਣੇ ਇੱਕ ਸਾਥੀ ਲਵਪ੍ਰੀਤ ਤੂਫਾਨ ਦੀ ਰਿਹਾਈ ਲਈ ਥਾਣਾ ਅਜਨਾਲਾ ਪਹੁੰਚ ਗਿਆ। ਇਸ ਦੌਰਾਨ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਤੇ ਤਲਵਾਰਾਂ ਵੀ ਲਹਿਰਾਈਆਂ।
ਅੰਮ੍ਰਿਤਪਾਲ ਦੇ ਸਮਰਥਕਾਂ ਨੇ ਬੈਰੀਕੇਡ ਤੋੜ ਕੇ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਕਰੀਬ 6 ਜਵਾਨ ਜ਼ਖਮੀ ਹੋ ਗਏ। ਆਖ਼ਰਕਾਰ ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਸਾਹਮਣੇ ਹਾਰ ਕਬੂਲਦਿਆਂ ਅੰਮ੍ਰਿਤਪਾਲ ਦੇ ਕਰੀਬੀ ਲਵਪ੍ਰੀਤ ਨੂੰ ਰਿਹਾਅ ਕਰ ਦਿੱਤਾ ਸੀ। ਇਸ ਹੰਗਾਮੇ ਸਬੰਧੀ ਅੰਮ੍ਰਿਤਪਾਲ ਖ਼ਿਲਾਫ਼ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਾਰਾ 365, 379ਬੀ, 323, 506, 148, 149 ਤਹਿਤ ਕੇਸ ਦਰਜ ਕੀਤਾ ਸੀ।
ਅਜਨਾਲਾ ਮਾਮਲੇ 'ਚ ਕੀ ਹੋ ਸਕਦੀ ਸਜ਼ਾ?
ਇਸ ਮਾਮਲੇ 'ਚ ਖਾਲਿਸਤਾਨੀ ਆਗੂ ਸਣੇ 6 ਲੋਕਾਂ ਖਿਲਾਫ਼ ਐਫਆਈਆਰ ਆਈਪੀਸੀ ਦੀ ਧਾਰਾ 365 ਅਗਵਾ ਨਾਲ ਸਬੰਧਤ ਹੈ, ਜਿਸ ਵਿੱਚ ਸੱਤ ਸਾਲ ਤੱਕ ਦੀ ਕੈਦ ਤੇ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। IPC ਦੀ ਧਾਰਾ 379B ਸੱਟ ਜਾਂ ਮੌਤ ਦੇ ਇਰਾਦੇ ਨਾਲ ਜੋੜੀ ਹੈ, ਜਿਸ ਦੀ ਸਜ਼ਾ ਤਿੰਨ ਸਾਲ ਤੱਕ ਹੋ ਸਕਦੀ ਹੈ, ਜਾਂ ਜੁਰਮਾਨੇ ਜਾਂ ਦੋਵੇਂ ਹੋ ਸਕਦੇ ਹਨ। ਆਈਪੀਸੀ ਦੀ ਧਾਰਾ 323 ਵਿੱਚ, ਜੋ ਕੋਈ ਵੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਨੂੰ ਸੱਟ ਜਾਂ ਨੁਕਸਾਨ ਪਹੁੰਚਾਉਂਦਾ ਹੈ, ਉਸ ਨੂੰ ਇੱਕ ਸਾਲ ਤੱਕ ਦੀ ਮਿਆਦ ਲਈ ਕਿਸੇ ਵੀ ਵਰਣਨ ਦੀ ਕੈਦ, ਜਾਂ ਇੱਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ, ਜਾਂ ਦੋਵੇ ਵੀ ਹੋ ਸਕਦੇ ਹਨ। ਧਾਰਾ 506 ਕਿਸੇ ਨੂੰ ਅਪਰਾਧਿਕ ਧਮਕੀ ਦੇਣ ਲਈ 2 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵਾਂ ਦਾ ਪ੍ਰਬੰਧ ਕਰਦੀ ਹੈ।
ਆਈਪੀਸੀ ਦੀ ਧਾਰਾ 148 ਅਨੁਸਾਰ, ਮਾਰੂ ਹਥਿਆਰਾਂ ਨਾਲ ਦੰਗੇ ਕਰਨ ਲਈ ਜੋ ਮੌਤ ਦਾ ਕਾਰਨ ਬਣ ਸਕਦਾ ਹੈ, ਇਸ ਵਿਚ ਤਿੰਨ ਸਾਲ ਤੱਕ ਦੀ ਕੈਦ ਤੇ ਜੁਰਮਾਨਾ ਵੀ ਹੈ। ਧਾਰਾ 149 ਗੈਰ-ਕਾਨੂੰਨੀ ਇਕੱਠ ਨੂੰ ਲੈ ਕੇ ਲਾਈ ਜਾਂਦੀ ਹੈ, ਜਿਸ ਕਾਰਨ ਇਕਜੁੱਟ ਹੋ ਕੇ ਘਟਨਾ ਵਾਪਰਦੀ ਹੈ। ਇਸ ਵਿੱਚ ਭੀੜ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਘਟਨਾ ਲਈ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਧਾਰਾ ਤਹਿਤ ਅਪਰਾਧ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ।
ਹੇਟ ਸਪੀਚ ਦਾ ਮਾਮਲਾ ਵੀ ਦਰਜ
ਅੰਮ੍ਰਿਤਪਾਲ ਸਿੰਘ ਵਿਰੁੱਧ ਦੋ ਨਫਰਤ ਭਰੇ ਭਾਸ਼ਣ (ਹੇਟ ਸਪੀਚ) ਦੇ ਮਾਮਲੇ ਵੀ ਦਰਜ ਹਨ। ਭੜਕਾਊ ਭਾਸ਼ਣ ਦੇਣ ਲਈ ਆਈਪੀਸੀ ਦੀ ਧਾਰਾ 153ਏ ਅਤੇ 153ਏਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਨਾਲ ਹੀ ਕੁਝ ਮਾਮਲਿਆਂ ਵਿੱਚ ਧਾਰਾ 505 ਵੀ ਜੋੜ ਦਿੱਤੀ ਗਈ ਹੈ। ਇਨ੍ਹਾਂ ਮਾਮਲਿਆਂ ਵਿੱਚ 5 ਸਾਲ ਤੱਕ ਦੀ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਹੈ। ਇਸ ਨਾਲ ਹੀ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਖ਼ਿਲਾਫ਼ ਨੈਸ਼ਨਲ ਸਕਿਓਰਿਟੀ ਐਕਟ (ਐਨਐਸਏ) ਤਹਿਤ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ ਉਸ ਦੇ 4 ਕਰੀਬੀਆਂ ਦੇ ਖਿਲਾਫ਼ NSA ਤਹਿਤ ਕਾਰਵਾਈ ਹੋਈ ਹੈ।