Gurdaspur: ਸੁਸਾਇਟੀ 'ਚ 13 ਕਰੋੜ ਦਾ ਘਪਲਾ ਕਰਕੇ ਕਿਸਾਨਾਂ ਸਿਰ ਪਾ ਦਿੱਤਾ ਕਰਜ਼ਾ, ਭੜਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
Gurdaspur Protest: ਕਿਸਾਨ ਆਗੂ ਪਲਵਿੰਦਰ ਸਿੰਘ ਮਠੋਲ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਏ ਵਿੱਚ ਸਹਿਕਾਰੀ ਸਭਾ ਵਿੱਚ ਅਧਿਕਾਰੀਆਂ ਵੱਲੋਂ 6 ਕਰੋੜ ਦਾ ਘਪਲਾ ਕੀਤਾ ਗਿਆ ਸੀ। ਜਦੋਂ ਜਾਂਚ ਕੀਤੀ ਤਾਂ ਇਹ ਘਪਲਾ 13 ਕਰੋੜ ਤੱਕ ਦਾ ਸਾਹਮਣੇ ਆ ਚੁੱਕਾ ਹੈ।
ਸਤਨਾਮ ਸਿੰਘ ਦੀ ਰਿਪੋਰਟ
Gurdaspur News: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਵੱਲੋਂ ਅੱਜ ਗੁਰਦਾਸਪੁਰ ਵਿੱਚ ਬੱਬਰੀ ਬਾਈਪਾਸ 'ਤੇ ਧਰਨਾ ਲਾ ਕੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਨੂੰ ਦੋ ਘੰਟੇ ਲਈ ਜਾਮ ਕਰ ਦਿੱਤਾ ਗਿਆ। ਕਿਸਾਨ ਆਗੂ ਪਲਵਿੰਦਰ ਸਿੰਘ ਮਠੋਲ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਏ ਵਿੱਚ ਸਹਿਕਾਰੀ ਸਭਾ ਵਿੱਚ ਅਧਿਕਾਰੀਆਂ ਵੱਲੋਂ 6 ਕਰੋੜ ਦਾ ਘਪਲਾ ਕੀਤਾ ਗਿਆ ਸੀ। ਜਦੋਂ ਜਾਂਚ ਕੀਤੀ ਤਾਂ ਇਹ ਘਪਲਾ 13 ਕਰੋੜ ਤੱਕ ਦਾ ਸਾਹਮਣੇ ਆ ਚੁੱਕਾ ਹੈ। ਇਹ ਘਪਲਾ ਤਾਂ ਸੁਸਾਇਟੀ ਦੇ ਅਧਿਕਾਰੀਆਂ ਨੇ ਕੀਤਾ ਪਰ ਇਸ ਘਪਲੇ ਨੂੰ ਕਰਜ਼ਾ ਬਣਾ ਕੇ 375 ਕਿਸਾਨਾਂ ਦੇ ਖ਼ਾਤਿਆ ਵਿੱਚ 3 ਲੱਖ 30 ਹਜਾਰ ਰੁਪਏ ਹਿਸਾਬ ਨਾਲ ਪਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਹ ਕਰਜ਼ਾ ਲਿਆ ਹੀ ਨਹੀਂ ਤੇ ਨੋਟਿਸ ਕਿਸਾਨਾਂ ਨੂੰ ਆ ਰਹੇ ਹਨ। ਇਸ ਘਪਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਸਬੂਤ ਵੀ ਦਿੱਤੇ ਗਏ ਪਰ ਮੁਲਜ਼ਮ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਅੱਜ ਮਜ਼ਬੂਰਨ ਕਿਸਾਨਾਂ ਨੇ ਗੁਰਦਾਸਪੁਰ ਬੱਬਰੀ ਬਾਈਪਾਸ ਚੌਕ ਵਿਖੇ ਧਰਨਾ ਲਾ ਕੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਨੂੰ ਦੋ ਘੰਟਿਆਂ ਲਈ ਜਾਮ ਕਰ ਦਿੱਤਾ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜੇ ਵੀ ਸਬੰਧਤ ਅਧਿਕਾਰੀਆਂ ਉਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਅੰਦਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਲਈ ਮੌਕੇ ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੋਂ ਟ੍ਰੈਫਿਕ ਰੂਟਾਂ ਨੂੰ ਬਦਲ ਦਿੱਤਾ ਗਿਆ ਹੈ ਤਾਂ ਜੋ ਕਿਸੇ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਨਾਂ ਹੋਏ।
ਇਸ ਘਪਲੇ ਸਬੰਧੀ ਜਦੋਂ ਸਹਿਕਾਰੀ ਮਹਿਕਮੇ ਦੇ ਸਹਾਇਕ ਰਜਿਸਟਰਾਰ ਰੋਹਿਤ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ 2013-14 ਟਰਮ ਦਾ ਹੈ ਤੇ ਇਸ ਟਰਮ ਦੌਰਾਨ ਜੋ ਵੀ ਸੈਕਟਰੀ ਸੀ, ਉਸ ਉਪਰ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ। ਇਸ ਸੁਸਾਇਟੀ ਦੇ ਮੌਜੂਦਾ ਸੈਕਟਰੀ ਸੁਮੀਤ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਅਧਿਕਾਰੀਆ ਨੇ ਸੁਸਾਇਟੀ ਮੈਂਬਰਾਂ ਦੇ ਝੂਠੇ ਹਸਤਾਖ਼ਰ ਕੀਤੇ ਗਏ, ਉਨ੍ਹਾਂ ਦੀ ਜਾਂਚ ਕਰਨ ਲਈ ਤੇ ਕਾਰਵਾਈ ਕਰਨ ਲਈ ਐਸਐਸਪੀ ਬਟਾਲਾ ਨੂੰ ਲਿਖ ਦਿੱਤਾ ਗਿਆ ਹੈ।
ਇਸ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 2014-15 ਵਿੱਚ ਵੀ ਇਸ ਮਾਮਲੇ ਦੀ ਪੜਤਾਲ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਕਾਰਵਾਈ ਕਰਦੇ ਹੋਏ ਸੁਸਾਇਟੀ ਦੇ ਸੈਕਟਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।