ਕੀ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਨਾਲ ਅਪਨਾਅ ਰਹੀਆਂ ਦੋਹਰੇ ਮਾਪਦੰਡ?
ਸਵਾਲ ਉੱਠਦਾ ਹੈ ਕੀ ਕਿਸਾਨ ਜਥੇਬੰਦੀਆਂ ਸਿਆਸੀਆਂ ਪਾਰਟੀਆਂ ਨਾਲ ਦੋਹਰੇ ਮਾਪਦੰਡ ਅਪਨਾਅ ਰਹੀਆਂ ਹਨ? ਕੀ ਚੜੂਨੀ ਆਪਣੇ ਸਾਥੀਆਂ ਦੇ ਇਸੇ ਹੁਕਮ ਦੀ ਅਦੂਲੀ ਕਰ ਰਹੇ ਹਨ?
ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਸਾਹਿਬ ਦੇ ਕਸਬਾ ਅਮਰਕੇਟ ਦੀ ਦਾਣਾ ਮੰਡੀ 'ਚ ਵੱਡਾ ਇਕੱਠ ਕੀਤਾ।ਚੜੂਨੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ, ਪਰ ਇਸ ਨਾਲ ਚੜੂਨੀ ਤੇ ਵੱਡੇ ਸਵਾਲ ਵੀ ਖੜੇ ਹੋ ਰਹੇ ਹਨ।
ਚੜੂਨੀ ਦੇ ਇਸ ਮਿਸ਼ਨ ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।10 ਸਤੰਬਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਲੀਡਰਾਂ ਨੇ ਬੀਜੇਪੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ, ਪਾਰਟੀਆਂ ਨੂੰ ਕਿਹਾ ਗਿਆ ਸੀ ਕਿ ਉਹ ਸਿਆਸੀ ਸਮਾਗਮਾਂ ਤੋਂ ਗੁਰੇਜ਼ ਕਰਨ, ਜੇਕਰ ਕੋਈ ਪਾਰਟੀ ਸਿਆਸੀ ਸਮਾਗਮ ਕਰਦੀ ਹੈ ਤਾਂ ਇਸ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ।
ਸਵਾਲ ਉੱਠਦਾ ਹੈ ਕੀ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਨਾਲ ਦੋਹਰੇ ਮਾਪਦੰਡ ਅਪਨਾਅ ਰਹੀਆਂ ਹਨ? ਕੀ ਚੜੂਨੀ ਆਪਣੇ ਸਾਥੀਆਂ ਦੇ ਇਸੇ ਹੁਕਮ ਦੀ ਅਦੂਲੀ ਕਰ ਰਹੇ ਹਨ? ਜਦੋਂ ਸਿਆਸੀ ਪਾਰਟੀਆਂ ਦੇ ਸਮਾਗਮਾਂ ਉੱਤੇ ਰੋਕ ਹੈ, ਫਿਰ ਗੁਰਨਾਮ ਸਿੰਘ ਚੜੂਨੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸ ਹੱਕ ਨਾਲ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ।
ਅਜਿਹੇ ਵਿੱਚ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਦੀ ਸਲਾਹ ਐ ਕਿ ਗੁਰਨਾਮ ਸਿੰਘ ਚੜੂਨੀ ਨੂੰ ਸਿਆਸੀ ਸਰਗਰਮੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਗਰਾਹਾਂ ਸਾਹਿਬ ਜਿਹੜੇ ਚੜੂਨੀ ਨੂੰ ਇਹ ਸਲਾਹ ਦੇ ਰਹੇ ਨੇ, ਦਰਅਸਲ ਉਹੀ ਗੁਰਨਾਮ ਸਿੰਘ ਚੜੂਨੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਚੋਣ ਲੜਨ ਦਾ ਮਸ਼ਵਰਾ ਦੇ ਚੁੱਕੇ ਹਨ।
ਨਤੀਜਾ ਚੜੂਨੀ ਆਪਣੇ ਮਿਸ਼ਨ ਪੰਜਾਬ ਨੂੰ ਲੈ ਸਰਗਰਮ ਨੇ, ਪਰ ਇਸ ਦੇ ਉਲਟ ਕਿਸਾਨ ਲੀਡਰ ਬਲਬੀਰ ਸਿੰਘ ਅਪੀਲ ਕਰ ਰਹੇ ਨੇ ਕਿ "ਹਾਲੇ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਨਾ ਕਰਨ, ਕਿਸਾਨ ਮੋਰਚੇ ਤੋਂ ਧਿਆਨ ਹੱਟਦਾ ਹੈ, ਜੇ ਸਿਆਸੀ ਪਾਰਟੀਆਂ ਅਪੀਲ ਨਹੀਂ ਮੰਨਦੀਆਂ ਤਾਂ ਕਦਮ ਕਿਸਾਨ ਵਿਰੋਧੀ ਹੋਵੇਗਾ।"
ਫਿਰ ਇਹ ਹੁਕਮ ਮਿਸ਼ਨ ਪੰਜਾਬ ਚਲਾਉਣ ਵਾਲੇ ਚੜੂਨੀ ਲਈ ਕਿਉਂ ਨਹੀਂ? ਵਿਖਰੇਵੇਂ ਏਥੇ ਹੀ ਨਹੀਂ, ਉਗਰਾਹਾਂ ਜਥੇਬੰਦੀ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਦਾ ਮੰਨਣਾ ਹੈ ਕਿ ਸਿਰਫ਼ ਬੀਜੇਪੀ ਦਾ ਵਿਰੋਧ ਹੋਣਾ ਚਾਹੀਦਾ ਹੈ, ਬਾਕੀ ਪਾਰਟੀਆਂ ਨੂੰ ਸਵਾਲ ਹੋਣ, ਸਵਾਲ ਦਾ ਤਰੀਕਾ ਹਾਲੇ ਲੱਭਿਆ ਜਾ ਰਿਹਾ ਹੈ।
ਸਾਫ਼ ਹੈ ਕਿ ਸਿਆਸੀ ਪਾਰਟੀਆਂ ਉੱਤੇ ਕਿਸਾਨ ਧਿਰਾਂ ਇੱਕਮੱਤ ਨਹੀਂ, ਇਸ ਮੱਤਭੇਦ ਵਿੱਚ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮਿਸ਼ਨ ਪੰਜਾਬ ਤਹਿਤ ਪ੍ਰੋਗਰਾਮ ਕਰ ਰਹੇ ਹਨ, ਹੁਣ ਸਵਾਲ ਉੱਠਦਾ ਹੈ ਕੀ ਸਿਆਸੀ ਪਾਰਟੀਆਂ ਨਾਲ ਵਿਤਕਰਾਂ ਹੋ ਰਿਹਾ ਹੈ।
ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਇਹ ਇਕੱਠ, ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਠੇਂਗਾ ਵਿਖਾ ਰਿਹਾ ਹੈ।ਚੜੂਨੀ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਪਹੁੰਚੇ ਸਨ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੀ ਘੂਰੀ ਬਾਅਦ ਪੰਜਾਬ ਵਿੱਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਫਿਲਹਾਲ ਰਾਜਨੀਤਿਕ ਸਰਗਰਮੀਆਂ ਤੋਂ ਕਿਨਾਰਾ ਕੀਤਾ ਹੋਇਆ ਹੈ।ਪਰ ਦੂਜੇ ਪਾਸੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮਿਸ਼ਨ ਪੰਜਾਬ ਤਹਿਤ ਪੂਰੀ ਤਰ੍ਹਾਂ ਸਰਗਰਮ ਨੇ।
ਅਜਿਹੇ ਵਿੱਚ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੁੱਛਿਆ ਸੀ ਫਿਰ ਸਿਆਸੀ ਪਾਰਟੀਆਂ 'ਤੇ ਰੋਕ ਕਿਉਂ? ਇਕੱਲੇ ਗੁਰਨਾਮ ਸਿੰਘ ਚੜੂਨੀ ਹੀ ਨਹੀਂ, 13 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਗਮ ਉੱਤੇ ਵੀ ਸਵਾਲ ਉੱਠੇ ਨੇ, ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ ਨੇ ਕਿਸਾਨ ਜਥੇਬੰਦੀਆਂ ਤੋਂ ਕੈਪਟਨ ਦੇ ਪ੍ਰੋਗਰਾਮ ਬਾਰੇ ਸਵਾਲ ਪੁੱਛਿਆ ਸੀ, ਨਾਲ ਹੀ ਇਹ ਵੀ ਕਿਹਾ ਸੀ ਕਿ ਆਖਿਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕੋ ਰੱਸੇ ਕਿਉਂ ਬੰਨਿਆਂ ਗਿਆ।
ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਨੇ 100 ਦਿਨ 100 ਹਲਕਿਆਂ ਦੀ ਯਾਤਰਾ ਸ਼ੁਰੂ ਕੀਤੀ ਸੀ, ਜਿਸ ਨੂੰ ਮੁਲਤਵੀ ਕੀਤਾ ਗਿਆ ਹੈ। ਕੈਂਪੇਂਨ ਨੂੰ ਰੋਕ ਕੇ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੀ ਹਮਦਰਦੀ ਜੁਟਾਉਣ ਲਈ ਖੇਤੀ ਕਾਨੂੰਨਾਂ ਦੁਆਲੇ ਹੈ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੋਇਆ ਹੈ ਕਿ ਅਕਾਲੀ ਦਲ 17 ਸਤੰਬਰ ਨੂੰ ਕਾਲੇ ਦਿਨ ਦੇ ਰੂਪ ਵਿੱਚ ਮਨਾਏਗਾ।
2 ਸਤੰਬਰ ਨੂੰ ਮੋਗਾ ਵਿੱਚ ਸੁਖਬੀਰ ਬਾਦਲ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਏਥੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ ਗਿਆ ਸੀ।1 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਵੀ ਸੁਖਬੀਰ ਬਾਦਲ ਦਾ ਵਿਰੋਧ ਹੋਇਆ ਸੀ, ਏਥੇ ਕਾਫ਼ੀ ਸਮਾਂ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਹੁੰਦੀ ਰਹੀ ਸੀ।
1 ਸਤੰਬਰ ਨੂੰ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਪਹੁੰਚੇ ਬਿਕਰਮ ਮਜੀਠੀਆ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਏਥੇ ਬਿਕਰਮ ਮਜੀਠੀਆ ਦੀ ਗੱਡੀ ਪ੍ਰਦਰਸ਼ਨਕਾਰੀਆਂ ਨੇ ਇੱਕ ਤਰ੍ਹਾਂ ਨਾਲ ਘੇਰ ਲਈ ਸੀ, ਪੁਲਿਸ ਨੂੰ ਮਜੀਠੀਆ ਦਾ ਕਾਫਲਾ ਲੰਘਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ।
ਅਕਾਲੀ ਦਲ ਨੇ 18 ਅਗਸਤ ਤੋਂ 100 ਦਿਨ 100 ਹਲਕਿਆਂ ਦੀ ਯਾਤਰਾ ਸ਼ੁਰੂ ਕੀਤੀ ਸੀ, ਪਹਿਲੇ ਦਿਨ ਅਤੇ ਪਹਿਲੀ ਥਾਂ ਫਿਰੋਜ਼ਪੁਰ ਵਿੱਚ ਵੀ ਸੁਖਬੀਰ ਬਾਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਇਸ ਵਿਰੋਧ ਪ੍ਰਦਰਸ਼ਨ ਬਾਅਦ ਅਕਾਲੀ ਦਲ ਨੇ ਆਪਣੀ ਕੈਂਪੇਂਨ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ।