Punjab News: ਮੁੜ ਵਿਵਾਦਾਂ 'ਚ ਬਠਿੰਡਾ ਜੇਲ੍ਹ ਤੇ ਸਰਕਾਰ, ਕੈਦੀਆਂ ਨੇ ਜੇਲ੍ਹ ਵਿੱਚੋਂ ਵਾਇਰਲ ਕੀਤੀ ਵੀਡਿਓ
ਜੇਲ ਪ੍ਰਸ਼ਾਸਨ ਮੁਤਾਬਕ, ਇਨ੍ਹਾਂ ਸਾਰੇ ਹਵਾਲਾਤੀਆਂ ਨੇ ਬਾਹਰੋਂ ਮੋਬਾਈਲ ਲੈ ਕੇ ਜੇਲ ਪ੍ਰਸ਼ਾਸਨ ਖ਼ਿਲਾਫ਼ ਵੀਡੀਓ ਬਣਾਈ। ਇਸ ਤੋਂ ਬਾਅਦ ਇਹ ਸਾਰੇ ਬੰਦੀ ਜੇਲ੍ਹ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੇ ਸਨ ਕਿ ਉਨ੍ਹਾਂ ਦੇ ਮੁਤਾਬਕ ਜੇਲ੍ਹ 'ਚ ਨਸ਼ਾ ਵੇਚਣ, ਮੋਬਾਈਲ, ਸਿਗਰਟ ਆਦਿ ਸਪਲਾਈ ਕੀਤਾ ਜਾਵੇ।
Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਬਠਿੰਡਾ ਜੇਲ੍ਹ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ 12 ਹਵਾਲਾਤੀ ਜੇਲ੍ਹ ਵਿੱਚ ਵਿਕ ਰਹੇ ਨਸ਼ੇ, ਮੋਬਾਇਲ ਤੇ ਹਲਾਤਾਂ ਬਾਰੇ ਦੱਸ ਰਹੇ ਹਨ।
ਵੀਡੀਓ ਵਿੱਚ ਦਿਸਣ ਵਾਲੇ ਕੈਦੀ ਕੌਣ-ਕੌਣ ?
ਇਸ ਮਾਮਲੇ 'ਚ ਹਵਾਲਾਤੀ ਮਨੀ ਪਾਰਸ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਕੁਮਾਰ, ਹਰਦੀਪ ਸਿੰਘ, ਹਰਪਾਲ ਸਿੰਘ, ਹਰਬੰਤ ਸਿੰਘ, ਨਵਤੇਜ ਸਿੰਘ, ਮਨਜੀਤ ਸਿੰਘ, ਰਣਜੋਧ ਸਿੰਘ, ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਵਿਰੁੱਧ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਹੈ।
ਜੇਲ੍ਹ ਪ੍ਰਸ਼ਾਸਨ ਨੇ ਕੀ ਦਿੱਤੀ ਸਫ਼ਾਈ ?
ਜੇਲ ਪ੍ਰਸ਼ਾਸਨ ਮੁਤਾਬਕ, ਇਨ੍ਹਾਂ ਸਾਰੇ ਹਵਾਲਾਤੀਆਂ ਨੇ ਬਾਹਰੋਂ ਮੋਬਾਈਲ ਲੈ ਕੇ ਜੇਲ ਪ੍ਰਸ਼ਾਸਨ ਖ਼ਿਲਾਫ਼ ਵੀਡੀਓ ਬਣਾਈ। ਇਸ ਤੋਂ ਬਾਅਦ ਇਹ ਸਾਰੇ ਬੰਦੀ ਜੇਲ੍ਹ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੇ ਸਨ ਕਿ ਉਨ੍ਹਾਂ ਦੇ ਮੁਤਾਬਕ ਜੇਲ੍ਹ 'ਚ ਨਸ਼ਾ ਵੇਚਣ, ਮੋਬਾਈਲ, ਸਿਗਰਟ ਆਦਿ ਸਪਲਾਈ ਕੀਤਾ ਜਾਵੇ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੇ ਰਿਕਾਰਡ ਕੀਤੀ ਵੀਡੀਓ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਕੈਨੇਡਾ ਭੇਜ ਕੇ ਕਰਵਾਈ ਵੀਡੀਓ ਵਾਇਰਲ
ਜਦੋਂ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਤਾਂ ਇਨ੍ਹਾਂ ਸਾਰਿਆਂ ਨੇ ਵੀਡੀਓ ਕੈਨੇਡਾ ਭੇਜ ਕੇ ਵਾਇਰਲ ਕਰ ਦਿੱਤੀ। ਜਾਂਚ 'ਚ ਸਾਹਮਣੇ ਆਇਆ ਕਿ ਇਹ ਵੀਡੀਓ ਗੋਪੀ ਨਾਂ ਦੇ ਵਿਅਕਤੀ ਨੇ ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀ ਨੂੰ ਭੇਜੀ ਸੀ, ਜੋ ਹੁਣ ਕੈਨੇਡਾ 'ਚ ਹੈ। ਇਸ ਗੋਪੀ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ।
ਪੁਲਿਸ ਨੇ ਕੀ ਦਿੱਤਾ ਭਰੋਸਾ ?
ਬਠਿੰਡਾ ਛਾਉਣੀ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀਡੀਓ ਕੈਨੇਡਾ ਤੋਂ ਵਾਇਰਲ ਹੋਈ ਸੀ। 12 ਵਿੱਚੋਂ 6 ਮੁਲਜ਼ਮਾਂ ਨੂੰ ਹੋਰ ਜੇਲ੍ਹਾਂ ਵਿੱਚੋਂ ਇੱਥੇ ਤਬਦੀਲ ਕੀਤਾ ਗਿਆ ਹੈ। ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਆਪ ਮੁੜ ਸਵਾਲਾਂ ਵਿੱਚ ਘਿਰੀ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ 'ਆਪ' ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਹਰ ਰੋਜ਼ ਕਤਲ ਹੋ ਰਹੇ ਹਨ, ਪੁਲਿਸ 'ਤੇ ਗੈਂਗਸਟਰ ਹਾਵੀ ਹਨ। ਇੱਥੇ ਜੰਗਲ ਰਾਜ ਚੱਲ ਰਿਹਾ ਹੈ।
'ਸਿਸਟਮ ਸੁਧਾਰਨ ਲਈ ਯਤਨ ਜਾਰੀ'
ਦੂਜੇ ਪਾਸੇ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਿਸਟਮ ਹੁਣ ਨਹੀਂ ਵਿਗੜਿਆ। ਸਿਸਟਮ ਨੂੰ ਸੁਧਾਰਨ ਲਈ ਯਤਨ ਜਾਰੀ ਹਨ। ਜਲਦੀ ਹੀ ਸਿਸਟਮ ਵਿੱਚ ਵੀ ਸੁਧਾਰ ਕੀਤਾ ਜਾਵੇਗਾ।