ਭਗੌੜੇ ਵਿਧਾਇਕ ਪਠਾਨਮਾਜਰਾ ਖਿਲਾਫ਼ ਵੱਡਾ ਐਕਸ਼ਨ, ਹਰਿਆਣਾ 'ਚ FIR ਦਰਜ, ਸੋਸ਼ਲ ਮੀਡੀਆ ਖਾਤੇ ਵੀ ਬੰਦ, ਜਾਣੋ ਹੋਰ ਨਵੇਂ ਅਪਡੇਟ
AAP ਦੇ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। ਹੁਣ ਉਨ੍ਹਾਂ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ AGTF ਦੀ ਟੀਮ ਤਿਆਰ

ਆਮ ਆਦਮੀ ਪਾਰਟੀ (AAP) ਦੇ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜੋ ਪੰਜਾਬ ਪੁਲਿਸ ਤੋਂ ਬਚ ਕੇ ਭੱਜਣ ਵਿੱਚ ਸਫਲ ਰਹੇ। ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪਾਰਟੀਆਂ ਵੱਲੋਂ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਖਿਲਾਫ ਹਰਿਆਣਾ ਵਿੱਚ FIR ਦਰਜ ਕਰਵਾਈ ਗਈ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ, ਜਿੱਥੇ ਉਹ ਲਗਾਤਾਰ ਵੀਡੀਓਜ਼ ਜਾਰੀ ਕਰ ਰਹੇ ਸਨ।
ਗ੍ਰਿਫਤਾਰੀ ਦੇ ਲਈ AGTF ਦੀ ਟੀਮ ਤਿਆਰ
ਇਸ ਦੇ ਨਾਲ ਹੀ, ਪਠਾਨਮਾਜਰਾ ਦੀ ਗ੍ਰਿਫ਼ਤਾਰੀ ਲਈ ਹੁਣ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਟੀਮ ਦੀ ਅਗਵਾਈ DSP ਬਿਕਰਮਜੀਤ ਸਿੰਘ ਬਰਾੜ ਕਰ ਰਹੇ ਹਨ। ਇਹ ਕਾਰਵਾਈ ਉਸ ਘਟਨਾ ਤੋਂ ਲਗਭਗ 24 ਘੰਟੇ ਬਾਅਦ ਕੀਤੀ ਗਈ ਹੈ, ਜਦੋਂ ਵਿਧਾਇਕ ਪਠਾਨਮਾਜਰਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਤੋਂ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਸਨ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ, ਕੱਲ੍ਹ ਸ਼ਾਮ ਪੰਜਾਬ ਦੀ CIA ਪੁਲਿਸ ਨੇ ਕਰਨਾਲ ਦੇ ਸਦਰ ਥਾਣੇ ਵਿੱਚ ਵਿਧਾਇਕ ਪਠਾਨਮਾਜਰਾ ਅਤੇ ਲਾਡੀ ਖ਼ਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ, ਪੁਲਿਸ ਪਾਰਟੀ 'ਤੇ ਗੋਲੀਬਾਰੀ ਅਤੇ ਪੱਥਰਾਂ ਨਾਲ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਿਨ ਸਵੇਰੇ ਲਗਭਗ 5 ਵਜੇ ਡਬਰੀ ਪਿੰਡ ਵਿੱਚ ਗੁਰਨਾਮ ਸਿੰਘ ਲਾਡੀ ਦੇ ਘਰ ਛਾਪਾ ਮਾਰ ਕੇ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਜਦੋਂ ਪੁਲਿਸ ਉਨ੍ਹਾਂ ਨੂੰ ਪਟਿਆਲਾ ਲੈ ਜਾ ਰਹੀ ਸੀ, ਤਾਂ ਲਾਡੀ ਅਤੇ ਵਿਧਾਇਕ ਪਿੰਡ ਵਾਲਿਆਂ ਦੀ ਮਦਦ ਨਾਲ ਫਰਾਰ ਹੋ ਗਏ। ਇਸ ਦੌਰਾਨ ਭੀੜ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ, ਪਰ ਪੁਲਿਸ ਨੇ ਜਵਾਬੀ ਬਲ ਦੀ ਵਰਤੋਂ ਨਹੀਂ ਕੀਤੀ।
ਵਿਧਾਇਕ ਨੇ ਵੀ ਐਨਕਾਉਂਟਰ ਦਾ ਸ਼ੱਕ ਜਤਾਇਆ
ਦੂਜੇ ਪਾਸੇ, ਪਠਾਨਮਾਜਰਾ ਦੇ ਲਗਾਤਾਰ ਜਾਰੀ ਵੀਡੀਓਜ਼ ਵਿੱਚ, ਉਨ੍ਹਾਂ ਨੇ ਐਨਕਾਉਂਟਰ ਕੀਤੇ ਜਾਣ ਦਾ ਸ਼ੱਕ ਜਤਾਇਆ ਹੈ। ਪਿਛਲੇ ਦਿਨ ਜਾਰੀ ਵੀਡੀਓ ਵਿੱਚ ਵਿਧਾਇਕ ਨੇ ਫਰਾਰ ਹੋਣ ਦੀ ਪੂਰੀ ਕਹਾਣੀ ਦੱਸੀ ਹੈ। ਨਾਲ ਹੀ ਉਨ੍ਹਾਂ ਨੇ ਪੁਲਿਸ 'ਤੇ ਆਰੋਪ ਲਾਇਆ ਕਿ ਉਹਨਾਂ ਦਾ ਐਨਕਾਉਂਟਰ ਕਰ ਸਕਦੀ ਹੈ।
ਵਿਧਾਇਕ ਨੇ ਸਾਫ ਕੀਤਾ ਕਿ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ, ਸਗੋਂ ਉਹ ਪੁਲਿਸਵਾਲਿਆਂ ਨੂੰ ਗੱਲਾਂ ਵਿੱਚ ਫਸਾ ਕੇ ਹੀ ਉੱਥੋਂ ਨਿਕਲ ਗਏ ਸਨ। ਉਨ੍ਹਾਂ ਨਾਲ ਪੁਲਿਸ ਦੀ ਕੋਈ ਧੱਕਾ-ਮੁੱਕੀ ਵੀ ਨਹੀਂ ਹੋਈ। ਪਠਾਨਮਾਜਰਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਗੈਂਗਸਟਰ ਦਿਖਾ ਕੇ ਮਾਰਣਾ ਚਾਹੁੰਦੀ ਸੀ ਅਤੇ ਇਸ ਲਈ ਪੁਲਿਸ ਨੇ ਕੋਸ਼ਿਸ਼ਾਂ ਵੀ ਕੀਤੀਆਂ।






















