ਬਿਕਰਮ ਮਜੀਠੀਆ ਦੀ ਹੋਏਗੀ ਜੇਲ੍ਹ 'ਚੋਂ ਰਿਹਾਈ? ਸੁਪਰੀਮ ਕੋਰਟ 'ਚ ਡਰੱਗ ਕੇਸ ਬਾਰੇ ਸੁਣਵਾਈ ਅੱਜ, 24 ਫਰਵਰੀ ਤੋਂ ਖਾਣੀ ਪੈ ਰਹੀ ਜੇਲ੍ਹ ਦੀ ਰੋਟੀ
Punjab News : ਸੁਪਰੀਮ ਕੋਰਟ 'ਚ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਖਿਲਾਫ ਰਾਜਨੀਤੀ ਦੀ ਵਜ੍ਹਾ ਤੋਂ ਡਰੱਗਜ਼ ਕੇਸ ਦਰਜ ਕੀਤਾ ਗਿਆ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਨੇ ਇਹ ਕੇਸ ਦਰਜ ਕੀਤਾ ਸੀ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਡਰੱਗਜ਼ ਕੇਸ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਮਜੀਠੀਆ ਨੇ ਅਦਾਲਤ ਤੋਂ ਡਰੱਗਜ਼ ਕੇਸ ਖਾਰਜ ਦੀ ਮੰਗ ਕੀਤੀ ਹੈ। ਮਜੀਠੀਆ ਇਸ ਸਮੇਂ ਪਟਿਆਲਾ ਸੈਂਟਰਲ ਜੇਲ੍ਹ 'ਚ ਬੰਦ ਹੈ। 24 ਫਰਵਰੀ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਆਦੇਸ਼ 'ਤੇ ਹੀ ਮੋਹਾਲੀ ਕੋਰਟ 'ਚ ਸਿਰੰਡਰ ਕੀਤਾ ਸੀ ਜਿਸ ਤੋਂ ਬਾਅਦ ਉਹ ਜੇਲ੍ਹ 'ਚ ਬੰਦ ਹੈ। ਹਾਲੇ ਤਕ ਉਨ੍ਹਾਂ ਜ਼ਮਾਨਤ ਨਹੀਂ ਮਿਲੀ ਹੈ।
ਸੁਪਰੀਮ ਕੋਰਟ 'ਚ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਖਿਲਾਫ ਰਾਜਨੀਤੀ ਦੀ ਵਜ੍ਹਾ ਤੋਂ ਡਰੱਗਜ਼ ਕੇਸ ਦਰਜ ਕੀਤਾ ਗਿਆ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਨੇ ਇਹ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਇਸ ਦੀ ਸਪੋਰਟ 'ਚ ਤਤਕਾਲੀਨ ਸੀਐਮ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਰਹੇ ਨਵਜੋਤ ਸਿੱਧੂ ਦੇ ਮਜੀਠੀਆ ਨੂੰ ਜੇਲ੍ਹ ਭੇਜਣ ਦੇ ਬਿਆਨ ਵੀ ਲਾਏ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਕੇਸ ਦਰਜ ਕਰਨ ਲਈ ADGP ਨੂੰ ਬਦਲਿਆ ਗਿਆ। ਇਸ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਨੂੰ ਖਾਸ ਤੌਰ 'ਤੇ ਇਸ ਕੰਮ ਲਈ DGP ਬਣਾਇਆ ਗਿਆ।
ਮਜੀਠੀਆ ਪਟਿਆਲਾ ਜੇਲ੍ਹ 'ਚ ਖੁਦ ਨੂੰ ਜਾਨ ਦਾ ਖਤਰਾ ਦੱਸ ਚੁੱਕੇ ਹਨ। ਇਸ ਸਬੰਧ 'ਚ ਮੋਹਾਲੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਅਕਾਲੀ ਆਗੂਆਂ ਦਾ ਦਾਅਵਾ ਹੈ ਕਿ ਮਜੀਠੀਆ ਨੂੰ ਜੇਲ੍ਹ 'ਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਤੇ ਗੈਂਗਸਟਰਾਂ ਤੋਂ ਖਤਰਾ ਹੈ। ਇਹ ਗੱਲ ਇੰਟੇਂਲੀਜੈਂਸ ਰਿਪੋਰਟ 'ਚ ਵੀ ਕਹੀ ਗਈ ਹੈ। ਇਸ ਦੇ ਬਾਵਜੂਦ ਮਾਨ ਸਰਕਾਰ ਨੇ ਉਨ੍ਹਾਂ ਨੂੰ ਆਮ ਬੈਰਕ 'ਚ ਸ਼ਿਫਟ ਕਰ ਦਿੱਤਾ ਹੈ। ਹਾਲਾਂਕਿ ਜੇਲ੍ਹ ਪ੍ਰਬੰਧਨ ਨੇ ਦੋਸ਼ ਨਕਾਰ ਦਿੱਤੇ ਸੀ। ਇਸ 'ਤੇ ਮੋਹਾਲੀ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਬਦਲ ਦਿੱਤਾ ਹੈ। ਨਵੀਂ ਟੀਮ ਆਈਜੀ ਗੁਰਸ਼ਰਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੰਮ ਕਰੇਗੀ। ਜਦਕਿ ਐਸਆਈਟੀ ਦੇ ਮੁਖੀ ਆਈਪੀਐਸ ਅਧਿਕਾਰੀ ਐਸ. ਰਾਹੁਲ ਨੂੰ ਬਣਾਇਆ ਗਿਆ ਹੈ। ਟੀਮ 'ਚ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐਸਪੀ ਰਘੁਵੀਰ ਸਿੰਘ ਅਤੇ ਡੀਐਸਪੀ ਅਮਰਪ੍ਰੀਤ ਸਿੰਘ ਸ਼ਾਮਲ ਹਨ। ਪਿਛਲੀ ਐਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ। ਜਿਸ 'ਤੇ ਅਕਾਲੀ ਦਲ ਨੇ ਬਦਲਾ ਲੈਣ ਦੇ ਦੋਸ਼ ਲਾਏ ਸਨ। ਉਨ੍ਹਾਂ ਦੇ ਪੁੱਤਰ ਪ੍ਰਿੰਸਪ੍ਰੀਤ ਸਿੰਘ ਦੀ ਤਰੱਕੀ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।