ਆਪ’ ਸਰਕਾਰ ਛੇ ਮਹੀਨਿਆਂ 'ਚ ਹੀ ਬੇਨਕਾਬ ਹੋਈ, ਹੁਣ ਲੋਕਾਂ ਨੂੰ ਗੁਮਰਾਹ ਕਰਨ 'ਚ ਲੱਗੀ: ਬੀਜੇਪੀ
ਤਰੁਣ ਚੁੱਘ ਨੇ ਕਿਹਾ ਕਿ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਵਿੱਚ ਅਸਫ਼ਲ ਰਹੀ ‘ਆਪ’ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੀ ਹੋਈ ਹੈ। ਬਾਦਲ ਨੇ ਸੀਐਮ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੱਦੇ ਇਜਲਾਸ ਨੂੰ ਡਰਾਮਾ ਕਰਾਰ ਦਿੱਤਾ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ(tarun chugh) ਨੇ ‘ਆਪ’ ਸਰਕਾਰ ਵੱਲੋਂ 22 ਸਤੰਬਰ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਪੰਜਾਬ ਦੇ ਲੋਕਾਂ ਦਾ ਸਰਕਾਰ ਦੀ ਨਾਕਾਮੀ ਤੋਂ ਧਿਆਨ ਹਟਾਉਣ ਲਈ ਸਿਆਸੀ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਛੇ ਮਹੀਨਿਆਂ ਦੇ ਕਾਰਜਕਾਲ ਮਗਰੋਂ ਬੇਨਕਾਬ ਹੋ ਚੁੱਕੀ ਹੈ।
ਤਰੁਣ ਚੁੱਘ ਨੇ ਕਿਹਾ ਕਿ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਵਿੱਚ ਅਸਫ਼ਲ ਰਹੀ ‘ਆਪ’ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਤਰੁਣ ਚੁੱਘ ਨੇ ‘ਆਪ’ ਦੇ ਉਨ੍ਹਾਂ ਵਿਧਾਇਕਾਂ ਦੇ ਮੋਬਾਈਲਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ, ਜਿਨ੍ਹਾਂ ਨੇ ਭਾਜਪਾ ’ਤੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ ਸੀ।
ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ
ਦੱਸ ਦਈਏ ਕਿ ਜਰਮਨੀ ਦੋ ਦੌਰੇ ਤੋਂ ਪਰਤਣ ਮਗਰੋਂ ਸੀਐਮ ਭਗਵੰਤ ਮਾਨ(bhagwant mann) ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕੀਤਾ ਜਾਏਗਾ। ਸੀਐਮ ਭਗਵੰਤ ਮਾਨ ਭਰੋਸੇ ਦਾ ਵੋਟ ਹਾਸਲ ਕਰਕੇ ਵਿਰੋਧੀਆਂ ਨੂੰ ਸਖਤ ਸੰਕੇਤ ਦੇਣਾ ਚਾਹੁੰਦੇ ਹਨ ਕਿ ਸਾਰੇ ਵਿਧਾਇਕ ਉਨ੍ਹਾਂ ਨਾਲ ਇੱਕਜੁੱਟ ਹਨ।
ਅਕਾਲੀ ਦਲ ਨੇ ਵਿਸ਼ੇਸ਼ ਇਜਲਾਸ ਨੂੰ ਡਰਾਮਾ ਕਰਾਰ ਦਿੱਤਾ
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(sukhbir singh badal) ਨੇ ਸੀਐਮ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੱਦੇ ਇਜਲਾਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਪੁਸ਼ਟੀ ਸਿਰਫ਼ ਸੀਬੀਆਈ ਜਾਂ ਹਾਈ ਕੋਰਟ ਦੀ ਨਿਗਰਾਨ ਹੇਠ ਜਾਂਚ ਵਿੱਚ ਹੀ ਹੋ ਸਕਦੀ ਹੈ ਤੇ ਇੰਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਕੋਈ ਲਾਹਾ ਨਹੀਂ ਮਿਲਣਾ।
ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਦਿੱਲੀ ’ਚ ਇਹ ਡਰਾਮਾ ਕੀਤਾ ਗਿਆ ਸੀ ਤੇ ਹੁਣ ਪੰਜਾਬ ’ਚ ਡਰਾਮਾ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਨੂੰ ਬਹੁਮਤ ਹਾਸਲ ਹੈ ਤੇ ਕਿਤੋਂ ਵੀ ਭਰੋਸਗੀ ਮਤਾ ਹਾਸਲ ਕਰਨ ਦੀ ਮੰਗ ਨਹੀਂ ਉੱਠੀ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਜਾਂ ਫਿਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਲਈ ਸਹਿਮਤੀ ਦੇਣ।