ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਇਰ ਫੜੇ, BSC ਦਾ ਵਿਦਿਆਰਥੀ ਨਿਕਲਿਆ ਮਾਸਟਰਮਾਈਂਡ, ਹਥਿਆਰਾਂ ਸਮੇਤ 5 ਮੈਂਬਰ ਕਾਬੂ
khanna News : ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਹੋਏ। ਮੱਧ ਪ੍ਰਦੇਸ਼ ਦਾ ਇੱਕ ਨੌਜਵਾਨ
khanna News : ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਹੋਏ। ਮੱਧ ਪ੍ਰਦੇਸ਼ ਦਾ ਇੱਕ ਨੌਜਵਾਨ ਮਾਸਟਰਮਾਈਂਡ ਨਿਕਲਿਆ, ਜੋ ਬੀ.ਐਸ.ਸੀ. ਸੈਕੰਡ ਦਾ ਵਿਦਿਆਰਥੀ ਹੈ। ਚਾਰ ਮੁਲਜ਼ਮ ਪੰਜਾਬ ਅਤੇ ਇੱਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੰਜਾਂ ਦੀ ਉਮਰ 18 ਤੋਂ 20 ਸਾਲ ਹੈ। ਉਹ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਅਤੇ ਇੱਕ ਹਥਿਆਰ ਸਪਲਾਈ ਕਰਨ ਵਾਲਾ ਗਰੋਹ ਬਣਾਇਆ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਇਨਵੈਸਟੀਗੇਸ਼ਨ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇੱਥੇ ਤਰਨਤਾਰਨ ਦੇ ਪਿੰਡ ਪ੍ਰਿੰਗੜੀ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਾਸੀ ਦਲਜੀਤ ਸਿੰਘ, ਜਸ਼ਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕੋਲੋਂ ਇੱਕ ਨਜਾਇਜ ਪਿਸਤੌਲ ਮਿਲਿਆ ਜੋਕਿ ਬੈਗ ਚ ਲੁਕੋਇਆ ਹੋਇਆ ਸੀ। ਇਸ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ (ਆਈ) ਪਵਨਜੀਤ ਚੌਧਰੀ, ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਅਹਿਮ ਸੁਰਾਗ ਮਿਲੇ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਬਿੰਡ ਜ਼ਿਲ੍ਹੇ ਦੇ ਪਿੰਡ ਖੈਰੋਲੀ ਦੇ ਵਸਨੀਕ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਅਦਾਲਤ ਤੋਂ ਵਪਿੰਦਰ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਪੁਲੀਸ ਨੇ ਮੱਧ ਪ੍ਰਦੇਸ਼ ਵਿਖੇ ਛਾਪੇਮਾਰੀ ਕੀਤੀ। ਉਥੇ ਵਪਿੰਦਰ ਨੂੰ ਗ੍ਰਿਫਤਾਰ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ।
ਬੀਐਸਸੀ ਵਿਦਿਆਰਥੀ ਮਾਸਟਰਮਾਈਂਡ
ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਵਪਿੰਦਰ ਸਿੰਘ ਬੀ.ਐਸ.ਸੀ. ਸੈਕੰਡ ਦਾ ਵਿਦਿਆਰਥੀ ਹੈ ਅਤੇ ਬਾਲਾਜੀ ਕਾਲਜ ਵਿਖੇ ਪੜ੍ਹਦਾ ਹੈ। ਆਪਣੀ ਪੜ੍ਹਾਈ ਦੌਰਾਨ ਉਹ ਆਪਣੇ ਸਾਥੀਆਂ ਦੀ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਇੱਕ ਹਥਿਆਰਾਂ ਦਾ ਸਪਲਾਇਰ ਬਣ ਗਿਆ। ਪਹਿਲਾਂ ਉਹ ਖੁਦ ਦੂਜਿਆਂ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਦਾ ਸੀ ਅਤੇ ਹੁਣ ਆਪਣਾ ਗਰੋਹ ਖੜ੍ਹਾ ਕਰ ਰਿਹਾ ਸੀ। ਉਹ ਇੰਦੌਰ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ।
ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈਟਵਰਕ
ਇਸ ਗਰੋਹ ਦੇ ਪਰਦਾਫਾਸ਼ ਹੋਣ ਨਾਲ ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈੱਟਵਰਕ ਸਾਹਮਣੇ ਆਇਆ। ਪੰਜਾਬ ਵਿੱਚ ਰਹਿੰਦੇ ਬਿਕਰਮਜੀਤ ਸਿੰਘ ਦੀ ਸ਼ੋਸ਼ਲ ਮੀਡੀਆ ਰਾਹੀਂ ਵਪਿੰਦਰ ਸਿੰਘ ਨਾਲ ਜਾਣ-ਪਛਾਣ ਹੋਈ। ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੋਵਾਂ 'ਚ ਸੌਦਾ ਹੋਇਆ ਸੀ। ਬਿਕਰਮਜੀਤ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵਪਿੰਦਰ ਤੋਂ ਹਥਿਆਰ ਲਏ ਅਤੇ ਅੱਗੇ ਪੰਜਾਬ ਵਿੱਚ ਸਪਲਾਈ ਕਰਨ ਲੱਗੇ। ਹੁਣ ਤੱਕ ਕਿੰਨੇ ਹਥਿਆਰ ਅਤੇ ਕਿੱਥੇ ਸਪਲਾਈ ਕੀਤੇ ਗਏ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਪੀੜੀ ਨੂੰ ਐਸ.ਐਸ.ਪੀ ਦੀ ਅਪੀਲ
ਐਸਐਸਪੀ ਅਮਨੀਤ ਕੌਂਡਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਦੇਖਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਗੁੰਮਰਾਹ ਕਰਕੇ ਅਤੇ ਉਨ੍ਹਾਂ ਨੂੰ ਲਾਲਚ ਦੇ ਕੇ ਅਪਰਾਧ ਦੀ ਦੁਨੀਆ 'ਚ ਲਿਆਂਦਾ ਜਾ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਅੱਗੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਭਵਿੱਖ ਖਰਾਬ ਹੋ ਜਾਂਦਾ ਹੈ। ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ।