ਕੇਂਦਰ ਸਰਕਾਰ ਫੌਜ ਤੇ ਪੁਲਿਸ ਦੇ ਨਿੱਜੀਕਰਨ ਤਹਿਤ ਇਨ੍ਹਾਂ ਵਿਭਾਗਾਂ ਨੂੰ ਨਿਗਮਾਂ ਹਵਾਲੇ ਕਰਨ ਜਾ ਰਹੀ : ਜੋਗਿੰਦਰ ਉਗਰਾਹਾਂ
ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਲਈ ਅਗਨੀਪੱਥ ਸਕੀਮ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਸਕੀਮ ਖ਼ਿਲਾਫ਼ ਦੇਸ਼ ਭਰ ਦੇ ਨੌਜਵਾਨਾਂ ਵਿੱਚ ਰੋਸ ਹੈ।
ਬਰਨਾਲਾ: ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਲਈ ਅਗਨੀਪੱਥ ਸਕੀਮ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਸਕੀਮ ਖ਼ਿਲਾਫ਼ ਦੇਸ਼ ਭਰ ਦੇ ਨੌਜਵਾਨਾਂ ਵਿੱਚ ਰੋਸ ਹੈ। ਸਿਰਫ਼ ਚਾਰ ਸਾਲ ਬਾਅਦ ਉਨ੍ਹਾਂ ਨੂੰ ਫ਼ੌਜ ਵਿੱਚੋਂ ਕੱਢਣਾ ਗ਼ਲਤ ਹੈ ਤੇ ਸਰਕਾਰ ਨੇ ਪੈਨਸ਼ਨ ਸਕੀਮ ਵੀ ਬੰਦ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫੌਜ ਤੇ ਪੁਲਿਸ ਦੇ ਨਿੱਜੀਕਰਨ ਦੀ ਨੀਤੀ ਤਹਿਤ ਇਨ੍ਹਾਂ ਦੋ ਵੱਡੇ ਵਿਭਾਗਾਂ ਨੂੰ ਨਿਗਮਾਂ ਦੇ ਹਵਾਲੇ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਜਟ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਬਜਟ ਸਬੰਧੀ ਕਿਸੇ ਵੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਕੋਈ ਸਲਾਹ ਨਹੀਂ ਕੀਤੀ, ਸਰਕਾਰ ਨੇ ਸਾਡੀਆਂ ਮੰਗਾਂ ਨੂੰ ਲੈ ਕੇ ਕੋਈ ਬਹਾਨਾ ਲਾਇਆ ਹੈ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਜਨਤਾ ਸਾਰੀਆਂ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੈ।
ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਅੱਜ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਜਿਲ੍ਹੇ ਵਿੱਚ ਲਗਭਗ 18 ਥਾਵਾਂ ਉਤੇ ਮੋਦੀ ਦੇ ਪੁਤਲੇ ਫੂਕੇ ਗਏ।ਗੋਲਡਨ ਗੇਟ ਵਿਖੇ ਕਿਸਾਨਾਂ, ਮਜਦੂਰਾਂ,ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਦੇਸ਼ ਭਰ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋ ਬਾਅਦ ਹੁਣ ਫੌਜ ਨੂੰ ਠੇਕੇ ਉੱਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਫੌਜ਼ ਵਿੱਚ 4 ਸਾਲ ਨੌਕਰੀ ਕਰਨ ਤੋ ਬਾਅਦ 75% ਨੌਜਵਾਨਾਂ ਨੂੰ ਬੇਰੁਜਗਾਰੀ ਵੱਲ ਧੱਕੇਗੀ।
ਜ਼ਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ,ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਕੇਂਦਰ ਸਰਕਾਰ ਵੱਲੋਂ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ ਲੱਖਾਂ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੇ ਬਿਲਕੁੱਲ ਉਲਟ ਹੈ। ਅੱਜ ਗੋਲਡਨ ਗੇਟ ਵਿਖੇ ਵਿਸ਼ਾਲ ਇਕੱਠ ਵੱਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਮਾਰਦੇ ਹੋਏ ਲੋਕ ਦੋਖੀ ਕੇਂਦਰ ਸਰਕਾਰ ਦਾ ਵੱਡਾ ਪੁਤਲਾ ਫੂਕਿਆ ਗਿਆ ਅਤੇ ਇਹ ਯੋਜਨਾ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਜੰਡਿਆਲਾ ਗੁਰੂ, ਟਾਂਗਰਾ, ਰਈਆ, ਸਠਿਆਲਾ, ਬੁਤਾਲਾ, ਗੱਗੋਮਾਹਲ, ਅਜਨਾਲਾ, ਗੁਰੂ ਕਾ ਬਾਗ, ਜਗਦੇਵ ਕਲਾਂ, ਲੋਪੋਕੇ, ਚੋਗਾਵਾਂ, ਖਾਸਾ,ਅਟਾਰੀ, ਮਹਿਤਾ ਚੌਂਕ, ਖੁਜਾਲਾ, ਟਾਹਲੀ ਸਾਹਿਬ, ਕੱਥੂਨੰਗਲ ਟੋਲ ਪਲਾਜ਼ਾ, ਮਜੀਠਾ ਆਦਿ ਥਾਵਾਂ ਉੱਤੇ ਪੁਤਲੇ ਫੂਕੇ ਗਏ।
ਇਹ ਵੀ ਪੜ੍ਹੋ : ਸੰਗਰੂਰ 'ਚ ਸਿਰਫ਼ 45.50% ਵੋਟਿੰਗ ਨੇ ਉਡਾਈ ਲੀਡਰਾਂ ਦੀ ਨੀਂਦ, ਵਿਰੋਧੀ ਬੋਲੇ, ਲੋਕ AAP ਸਰਕਾਰ ਦੇ ਵਾਅਦਿਆਂ ਤੋਂ ਨਿਰਾਸ਼