Debt to Punjab: 50 ਹਜ਼ਾਰ ਕਰੋੜ ਦੇ ਲਏ ਕਰਜ਼ੇ ਦਾ CM ਮਾਨ ਅੱਜ ਦੇ ਸਕਦੇ ਰਾਜਪਾਲ ਨੂੰ ਹਿਸਾਬ, ਇੱਕ ਇੱਕ ਤੱਥ ਰੱਖਣਗੇ ਸਾਹਮਣੇ
CM Mann will send details - ਭਗਵੰਤ ਮਾਨ ਨੇ ਕਿਹਾ ਕਿ ਪੈਸਾ ਖਾਣਾ ਸਾਡੇ ਸੁਭਾਅ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ PUNBUS ਬੱਸਾਂ ਦੇ ਕਰਜ਼ੇ ਦੀ ਅਦਾਇਗੀ ਤੋਂ ਇਲਾਵਾ ਇਹ ਪੈਸਾ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਦੇ ਵਿਆਜ ਅਤੇ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਸ਼ਬਦੀ ਵਾਰ ਜਾਰੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਨੂੰ 50 ਹਜ਼ਾਰ ਕਰੋੜ ਰੁਪਏ ਦੇ ਲਏ ਕਰਜ਼ੇ ਦਾ ਹਿਸਾਬ ਦੇ ਸਕਦੇ ਹਨ। ਬੀਤੇ ਦਿਨ ਸੀਐਮ ਮਾਨ ਨੇ ਪਟਿਆਲਾ ਵਿੱਚ ਕਿਹਾ ਸੀ ਕਿ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਕੱਲ੍ਹ ਯਾਨੀ (3 ਅਕਤੂਬਰ) ਨੂੰ ਰਾਜਪਾਲ ਨੂੰ ਦੇ ਦਿੱਤਾ ਜਾਵੇਗਾ। ਸਾਡੇ ਕੋਲ ਇੱਕ ਇੱਕ ਰੁਪਏ ਦਾ ਹਿਸਾਬ ਹੈ ਕਿ ਪੰਜਾਬ ਦਾ ਪੈਸਾ ਕਿੱਥੇ ਖਰਚਿਆ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੈਸਾ ਖਾਣਾ ਸਾਡੇ ਸੁਭਾਅ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ PUNBUS ਬੱਸਾਂ ਦੇ ਕਰਜ਼ੇ ਦੀ ਅਦਾਇਗੀ ਤੋਂ ਇਲਾਵਾ ਇਹ ਪੈਸਾ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਦੇ ਵਿਆਜ ਅਤੇ ਹੋਰ ਖੇਤਰਾਂ ਵਿੱਚ ਖਰਚਿਆ ਗਿਆ ਹੈ। ਅਸੀਂ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਹਾਂ।
ਸਟੇਜ ਤੋਂ ਗਵਰਨਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਨੇ ਪਿਛਲੀਆਂ ਸਰਕਾਰਾਂ ਤੋਂ ਕਦੇ ਵੀ ਕਰਜ਼ਿਆਂ ਦਾ ਹਿਸਾਬ ਨਹੀਂ ਮੰਗਿਆ ਜਦੋਂਕਿ ਪਹਿਲਾਂ ਸਰਕਾਰਾਂ 1 ਲੱਖ ਕਰੋੜ ਤੋਂ ਲੈ ਕੇ 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਲੈਂਦੀਆਂ ਸਨ। ਪਰ ਸਾਡੇ ਤੋਂ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਮੰਗ ਰਹੇ ਹੈ। ਇਹ ਅਸੀਂ ਤਿਆਰ ਕਰ ਲਿਆ ਹੈ ਤੇ ਰਾਜਪਾਲ ਨੂੰ ਦੇ ਦੇਵਾਂਗੇ।
22 ਸਤੰਬਰ 2023 ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਸਰਕਾਰ ਦੇ ਕਰਜ਼ੇ ਦੇ ਵੇਰਵੇ ਮੰਗੇ ਸਨ। ਉਨ੍ਹਾਂ ਨੇ ਪੱਤਰ ਲਿਖ ਕੇ ਸੀਐਮ ਮਾਨ ਤੋਂ ਪੈਸੇ ਦੀ ਸਹੀ ਵਰਤੋਂ ਦਾ ਵੇਰਵਾ ਮੰਗਿਆ ਸੀ। ਰਾਜਪਾਲ ਨੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਸਿਰ 50,000 ਕਰੋੜ ਰੁਪਏ ਦੇ ਕਰਜ਼ੇ ਦੇ ਵਧਣ ਦਾ ਵੇਰਵਾ ਦੇਣ ਲਈ ਕਿਹਾ ਹੈ ਤਾਂ ਜੋ ਉਹ ਪ੍ਰਧਾਨ ਮੰਤਰੀ ਨੂੰ ਦੱਸ ਸਕਣ ਕਿ ਸਾਰੇ ਪੈਸੇ ਦੀ ਸਹੀ ਵਰਤੋਂ ਕੀਤੀ ਗਈ ਹੈ।
ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਤੋਂ ਸੂਬਾ ਸਰਕਾਰ ਦੇ ਪੇਂਡੂ ਵਿਕਾਸ ਫੰਡ ਦੇ 5637 ਕਰੋੜ ਰੁਪਏ ਲੈਣ ਲਈ ਦਖਲ ਦੇਣ ਦੀ ਬੇਨਤੀ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਕੋਲ ਇਸ ਮੁੱਦੇ ਨੂੰ ਉਠਾਉਣ ਲਈ ਕਿਹਾ ਸੀ।
ਇਸੇ ਪੱਤਰ ਦੇ ਜਵਾਬ ਵਿੱਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਪਾਬੰਦ ਹਨ, ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਇਸ ਮੁੱਦੇ 'ਤੇ ਮੇਰੇ ਕੋਲ ਪਹੁੰਚ ਕਰਨ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਲਈ ਸਾਨੂੰ ਇਸ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਇਸੇ ਪੱਤਰ ਵਿੱਚ ਰਾਜਪਾਲ ਨੇ ਇਹ ਵੀ ਲਿਖਿਆ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਆਪ ਸਰਕਾਰ ਵੇਲੇ ਪੰਜਾਬ ਦਾ ਕਰਜ਼ਾ 50 ਹਜ਼ਾਰ ਕਰੋੜ ਰੁਪਏ ਵਧ ਗਿਆ ਹੈ। ਕਿਰਪਾ ਕਰਕੇ ਮੈਨੂੰ ਇਸ ਦਾ ਵੇਰਵਾ ਦਿਓ ਕਿ ਇਹ ਪੈਸਾ ਕਿੱਥੇ ਵਰਤਿਆ ਗਿਆ ਤਾਂ ਜੋ ਮੈਂ ਪ੍ਰਧਾਨ ਮੰਤਰੀ ਨੂੰ ਦੱਸ ਸਕਾਂ ਕਿ ਇਹ ਪੈਸਾ ਪੂਰੀ ਤਰ੍ਹਾਂ ਸਹੀ ਥਾਂ 'ਤੇ ਵਰਤਿਆ ਗਿਆ ਹੈ।