ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ, ਆਹ ਸੀ ਮਾਮਲਾ
Rana Gurmeet Singh Sodhi: ਸ਼ਿਕਾਇਤਕਰਤਾ ਮਲਕੀਤ ਸਿੰਘ ਵਾਸੀ ਫਾਜ਼ਿਲਕਾ ਨੇ ਦੋਸ਼ ਲਾਇਆ ਹੈ ਕਿ ਸਾਲ 2022 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ
Rana Gurmeet Singh Sodhi: ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਲੱਖਾਂ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਕੀਤੀ ਗਈ ਹੈ। ਜਿਸ ਦੀ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਵਿੱਚ ਪੇਸ਼ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਮਲਕੀਤ ਸਿੰਘ ਵਾਸੀ ਫਾਜ਼ਿਲਕਾ ਨੇ ਦੋਸ਼ ਲਾਇਆ ਹੈ ਕਿ ਸਾਲ 2022 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਆਪਣੇ ਮਾਹਿਰਾਂ ਨੂੰ ਉਸ ਦੀ ਮਨਚਾਹੀ ਥਾਂ ’ਤੇ ਤਬਾਦਲਾ ਕਰਵਾ ਸਕਦਾ ਹੈ।
ਇਸ 'ਤੇ ਸ਼ਿਕਾਇਤਕਰਤਾ ਨੇ ਆਪਣੇ ਕੁਝ ਜਾਣਕਾਰ ਕਰਮਚਾਰੀਆਂ ਨੂੰ ਬਦਲੀ ਕਰਵਾਉਣ ਲਈ ਕਰੀਬ 17.5 ਲੱਖ ਰੁਪਏ ਦੇ ਦਿੱਤੇ। ਪੈਸੇ ਲੈ ਕੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਬੰਧਤ ਵਿਅਕਤੀਆਂ ਦਾ ਤਬਾਦਲਾ ਨਹੀਂ ਕੀਤਾ ਗਿਆ। ਹੁਣ ਦੋ ਸਾਲਾਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਪੈਸੇ ਵਾਪਸ ਕਰਵਾਉਣ ਦੀ ਅਪੀਲ ਕੀਤੀ ਹੈ।
ਸ਼ਿਕਾਇਤ ਕਰਤਾ ਮਲਕੀਤ ਸਿੰਘ ਦਾ ਬਿਆਨ
ਮਲਕੀਤ ਸਿੰਘ ਨੇ ਕਿਹਾ ਕਿ ਪੈਸੇ ਦੇਣ ਦੇ ਬਾਵਜੂਦ ਮੰਤਰੀ ਨੇ ਮੇਰਾ ਕੰਮ ਨਹੀਂ ਕਰਵਾਇਆ। ਕੋਈ ਕੰਮ ਨਾ ਹੋਣ ’ਤੇ ਜਦੋਂ ਮੈਂ ਮੰਤਰੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਪੀਐਸਓ ਨੇ ਮੈਨੂੰ ਮਿਲਣ ਨਹੀਂ ਦਿੱਤਾ। ਕੰਮ ਨਹੀਂ ਹੋਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ ਜਾ ਰਹੇ ਸਨ। ਇੱਕ ਦਿਨ ਫਿਰ ਮੈਂ ਆਪਣੇ ਪੈਸੇ ਵਾਪਸ ਮੰਗਣ ਗਿਆ।
ਜਦੋਂ ਮੈਂ ਮੰਤਰੀ ਦੇ ਪੀ.ਐਸ.ਓ. ਨੂੰ ਦੱਸਿਆ ਕਿ ਮੇਰੇ ਮੋਬਾਈਲ ਫ਼ੋਨ ਵਿੱਚ ਮੰਤਰੀ ਵਿਰੁੱਧ ਸਬੂਤ ਹਨ ਤਾਂ ਉਨ੍ਹਾਂ (ਪੀ.ਐੱਸ.ਓ.) ਨੇ ਮੇਰਾ ਮੋਬਾਈਲ ਟਾਇਲਟ ਵਿੱਚ ਸੁੱਟ ਦਿੱਤਾ। ਇਸ ਕਾਰਨ ਮੇਰੇ ਕੋਲ ਹੁਣ ਕੋਈ ਸਬੂਤ ਨਹੀਂ ਹੈ। ਮੈਂ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਮੁਲਜ਼ਮਾਂ ਦੇ ਲਾਈ ਡਿਟੈਕਟਰ ਟੈਸਟ ਵੀ ਕਰਵਾਏ ਜਾਣ।
ਮੇਰੇ ਕੋਲ ਜੋ ਵੀ ਤੱਥ ਸਨ, ਮੈਂ ਉਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਤਫਤੀਸ਼ੀ ਅਫਸਰਾਂ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜਦੋਂ ਮੈਂ ਮੰਤਰੀ ਤੋਂ ਵਾਰ-ਵਾਰ ਪੈਸੇ ਮੰਗਦਾ ਰਿਹਾ ਤਾਂ ਦੋਸ਼ੀਆਂ ਨੇ ਮੇਰੇ ਖਿਲਾਫ ਥਾਣਾ ਫਾਜ਼ਿਲਕਾ ਵਿਖੇ ਧੋਖਾਦੇਹੀ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ।