ਸਿੱਧੂ ਨਾ ਮੰਨੇ ਤਾਂ ਕਾਂਗਰਸ ਹਾਈਕਮਾਨ ਲਵੇਗੀ ਵੱਡਾ ਫੈਸਲਾ, ਪੰਜਾਬ ਦੇ ਡਰਾਮੇ ਤੋਂ ਖਫਾ ਸੀਨੀਅਰ ਲੀਡਰ
ਪਾਰਟੀ ਸਿੱਧੂ ਨੂੰ ਲੈ ਕੇ ਸਖਤ ਸਟੈਂਡ ਲੈ ਸਕਦੀ ਹੈ। ਅਸਤੀਫੇ ਮਗਰੋਂ ਪਾਰਟੀ ਲੀਡਰਸ਼ਿਪ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਹਾਈਕਮਾਨ ਵੱਡਾ ਐਕਸਨ ਲੈ ਸਕਦੀ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਸਿੱਧੂ ਦੇ ਅਸਤੀਫੇ ਤੋਂ ਨਾਰਾਜ਼ ਹੈ। ਪਾਰਟੀ ਸਿੱਧੂ ਨੂੰ ਲੈ ਕੇ ਸਖਤ ਸਟੈਂਡ ਲੈ ਸਕਦੀ ਹੈ। ਅਸਤੀਫੇ ਮਗਰੋਂ ਪਾਰਟੀ ਲੀਡਰਸ਼ਿਪ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ।
ਹਾਲਾਂਕਿ ਸਿੱਧੂ ਦਾ ਅਸਤੀਫਾ ਹੁਣ ਤੱਕ ਸਵੀਕਾਰ ਨਹੀਂ ਕੀਤਾ ਗਿਆ। ਪਾਰਟੀ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਹੈ, ਪਰ ਜੇਕਰ ਉਹ ਸਹਿਮਤ ਨਹੀਂ ਹੋਏ ਤਾਂ ਸਖਤ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਮੰਤਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਨਹੀਂ ਆਉਣਗੇ।
ਦੱਸ ਦਈਏ ਕਿ ਨਵਜੋਤ ਸਿੱਧੂ ਅਚਾਨਕ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪਾਰਟੀ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਨਵਜੋਤ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ, ਉੱਥੇ ਹੀ ਹਾਈਕਮਾਨ ਵੀ ਬੇਹੱਦ ਨਿਮੋਸ਼ੀ ਮਹਿਸੂਸ ਕਰ ਰਹੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਇਸ ਕਲੇਸ਼ ਤੋਂ ਇੰਨਾ ਅੱਕ ਚੁੱਕੀ ਹੈ ਕਿ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਆਪੇ ਹੀ ਮਸਲਾ ਹੱਲ ਕਰਨ ਲਈ ਕਹਿ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਵੱਲੋਂ ਚਾਣਚੱਕ ਦਿੱਤੇ ਅਸਤੀਫ਼ੇ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕਾਫ਼ੀ ਨਮੋਸ਼ੀ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਡਟਵਾਂ ਸਟੈਂਡ ਲੈ ਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਸੀ। ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਨੇ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵਿਸ਼ਵਾਸਘਾਤ ਕੀਤਾ ਹੈ ਜਦੋਂਕਿ ਪੰਜਾਬੀਆਂ ਦੀ ਪਛਾਣ ਹੀ ਭਰੋਸਾ ਹੈ।
ਚੰਨੀ ਨੇ ਅੱਜ ਸਵੇਰੇ ਸਾਢੇ 10 ਵਜੇ ਬੁਲਾਈ ਕੈਬਨਿਟ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੁੱਧਵਾਰ ਸਵੇਰੇ ਸਾਢੇ 10 ਵਜੇ ਕੈਬਨਿਟ ਮੀਟਿੰਗ ਸੱਦੀ ਹੈ। ਚੰਨੀ ਕੈਬਨਿਟ ਮੀਟਿੰਗ ਪਹਿਲਾਂ 1 ਅਕਤੂਬਰ ਨੂੰ ਹੋਣੀ ਸੀ। ਪਰ ਪੰਜਾਬ 'ਚ ਜਾਰੀ ਅਸਤੀਫ਼ਿਆਂ ਤੇ ਸਿਆਸੀ ਗਤੀਵਿਧੀਆਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਅੱਜ ਹੀ ਬੈਠਕ ਬੁਲਾਈ ਹੈ।