(Source: ECI/ABP News)
ਸਾਬਕਾ CM ਚੰਨੀ ਦੇ ਕਾਰਜਕਾਲ ਦੌਰਾਨ CMO 'ਚ ਤਾਇਨਾਤ ਅਫ਼ਸਰਾਂ 'ਤੇ ਵੀ ਸ਼ਿਕੰਜੇ ਦੀ ਤਿਆਰੀ, ਹੁਣ ਈਡੀ ਦੇ ਰਾਡਾਰ 'ਤੇ ਅਫਸਰ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਦਫ਼ਤਰ (ਸੀਐਮਓ) ਵਿੱਚ ਤਾਇਨਾਤ ਅਧਿਕਾਰੀਆਂ ਤੋਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਕੀਤੀ ਸਕਦੀ ਹੈ।
![ਸਾਬਕਾ CM ਚੰਨੀ ਦੇ ਕਾਰਜਕਾਲ ਦੌਰਾਨ CMO 'ਚ ਤਾਇਨਾਤ ਅਫ਼ਸਰਾਂ 'ਤੇ ਵੀ ਸ਼ਿਕੰਜੇ ਦੀ ਤਿਆਰੀ, ਹੁਣ ਈਡੀ ਦੇ ਰਾਡਾਰ 'ਤੇ ਅਫਸਰ ED questioned To Officers posted in the CMO during the tenure of former CM Charanjit Channi ਸਾਬਕਾ CM ਚੰਨੀ ਦੇ ਕਾਰਜਕਾਲ ਦੌਰਾਨ CMO 'ਚ ਤਾਇਨਾਤ ਅਫ਼ਸਰਾਂ 'ਤੇ ਵੀ ਸ਼ਿਕੰਜੇ ਦੀ ਤਿਆਰੀ, ਹੁਣ ਈਡੀ ਦੇ ਰਾਡਾਰ 'ਤੇ ਅਫਸਰ](https://feeds.abplive.com/onecms/images/uploaded-images/2022/04/15/287d4a8eee25c3df911c8d0cd1ef3a88_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਦਫ਼ਤਰ (ਸੀਐਮਓ) ਵਿੱਚ ਤਾਇਨਾਤ ਅਧਿਕਾਰੀਆਂ ਤੋਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਕੀਤੀ ਸਕਦੀ ਹੈ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਈਡੀ ਵੱਲੋਂ ਪੁੱਛਗਿੱਛ ਦੌਰਾਨ ਸਾਬਕਾ ਸੀਐਮ ਚੰਨੀ ਨੇ ਤਬਾਦਲੇ ਤੇ ਤਾਇਨਾਤੀ ਨਾਲ ਜੁੜੇ ਫੈਸਲਿਆਂ ਤੋਂ ਬਚਦੇ ਹੋਏ ਸੀਐਮਓ 'ਚ ਤਾਇਨਾਤ ਅਧਿਕਾਰੀਆਂ 'ਤੇ ਜ਼ਿੰਮੇਵਾਰੀ ਪਾ ਦਿੱਤੀ ਹੈ। ਪਤਾ ਲੱਗਾ ਹੈ ਕਿ ਹੁਣ ਇਨ੍ਹਾਂ ਅਧਿਕਾਰੀਆਂ ਤੋਂ ਤਬਾਦਲੇ ਤੇ ਤਾਇਨਾਤੀ ਦਾ ਅਸਲ ਕਾਰਨ ਪੁੱਛਿਆ ਜਾਵੇਗਾ।
ਈਡੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਪੈਸੇ ਲੈ ਕੇ ਵੱਡੇ ਪੱਧਰ 'ਤੇ ਤਬਾਦਲਿਆਂ ਤੇ ਤਾਇਨਾਤੀਆਂ ਦੇ ਠੋਸ ਸਬੂਤ ਮੌਜੂਦ ਹਨ। ਸੂਤਰਾਂ ਅਨੁਸਾਰ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 10 ਕਰੋੜ ਰੁਪਏ ਦੇ ਨਾਲ ਤਬਾਦਲੇ ਤੇ ਤਾਇਨਾਤੀ ਦੇ ਦਸਤਾਵੇਜ਼ ਵੀ ਮਿਲੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਪੁੱਛਗਿੱਛ ਦੌਰਾਨ ਹਨੀ ਨੇ ਮੰਨਿਆ ਕਿ ਤਬਾਦਲੇ ਤੇ ਤਾਇਨਾਤੀਆਂ ਉਨ੍ਹਾਂ ਦੇ ਕਹਿਣ 'ਤੇ ਕੀਤੀਆਂ ਗਈਆਂ ਸਨ। ਬੁੱਧਵਾਰ ਨੂੰ ਜਦੋਂ ਚਰਨਜੀਤ ਚੰਨੀ ਤੋਂ ਹਨੀ ਦੇ ਬਿਆਨ ਤੇ ਤਬਾਦਲੇ ਤੇ ਤਾਇਨਾਤੀ ਦੇ ਦਸਤਾਵੇਜ਼ ਸਾਹਮਣੇ ਰੱਖ ਕੇ ਪੁੱਛਗਿੱਛ ਕੀਤੀ ਗਈ ਤਾਂ ਉਹ ਇਸ ਤੋਂ ਸਾਫ਼ ਮੁੱਕਰ ਗਏ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਸੀਐਮਓ 'ਚ ਤਾਇਨਾਤ ਅਧਿਕਾਰੀਆਂ ਦੀ ਸੀ। ਸਾਬਕਾ ਸੀਐਮ ਚੰਨੀ ਨੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਦਾ ਇਨ੍ਹਾਂ ਤਬਾਦਲਿਆਂ ਤੇ ਤਾਇਨਾਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਨਾ ਹੀ ਉਨ੍ਹਾਂ ਨੇ ਇਸ ਸਬੰਧੀ ਕੋਈ ਹਦਾਇਤਾਂ ਦਿੱਤੀਆਂ ਹਨ।
ਸੂਤਰਾਂ ਮੁਤਾਬਕ ਹੁਣ ਤਬਾਦਲੇ ਤੇ ਤਾਇਨਾਤੀ ਦੇ ਹੁਕਮਾਂ 'ਤੇ ਦਸਤਖਤ ਕਰਨ ਵਾਲੇ ਅਧਿਕਾਰੀਆਂ ਨੂੰ ਈਡੀ ਨੂੰ ਦੱਸਣਾ ਹੋਵੇਗਾ ਕਿ ਇਹ ਕਿਸ ਦੇ ਇਸ਼ਾਰੇ 'ਤੇ ਕੀਤੇ ਗਏ ਸਨ ਤੇ ਇਸ ਨਾਲ ਸਬੰਧਤ ਦਸਤਾਵੇਜ਼ ਹਨੀ ਤੱਕ ਕਿਵੇਂ ਪਹੁੰਚੇ ਸਨ। ਇਸ ਦੇ ਨਾਲ ਹੀ ਤਬਾਦਲੇ ਤੇ ਤਾਇਨਾਤੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦੇ ਬਿਆਨ ਵੀ ਲਏ ਜਾ ਸਕਦੇ ਹਨ।
ਈਡੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੂਰੇ ਮਾਮਲੇ ਵਿੱਚ ਚੰਨੀ ਦੀ ਭੂਮਿਕਾ ਸ਼ੱਕੀ ਹੈ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਠੋਸ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਨੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਚੰਨੀ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਗੌਰਤਲਬ ਹੈ ਕਿ ਈਡੀ ਪਹਿਲਾਂ ਹੀ ਚੰਨੀ ਦੇ ਭਤੀਜੇ ਹਨੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕਰ ਚੁੱਕੀ ਹੈ ਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ। ਹਨੀ 'ਤੇ ਟਰਾਂਸਫਰ ਤੇ ਪੋਸਟਿੰਗ ਦੇ ਨਾਲ-ਨਾਲ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)