Faridkot News: ਚਿਕਨ ਪੌਕਸ ਦੇ ਕਹਿਰ ਮਗਰੋਂ ਸਕੂਲਾਂ 'ਚ ਹਫ਼ਤੇ ਦੀਆਂ ਛੁੱਟੀਆਂ ਦਾ ਐਲਾਨ
Chicken Pox: ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਤੇ ਬਿਮਾਰੀ ਦੀ ਲਪੇਟ ਵਿੱਚ ਆਏ ਬੱਚਿਆਂ ਨੂੰ ਵੱਖੋ-ਵੱਖ ਕਰਕੇ ਸਿਹਤ ਸਹੂਲਤਾਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।
Faridkot News: ਪਿਛਲੇ ਕੁਝ ਦਿਨਾਂ ’ਚ ਲਾਗ ਦੀ ਬਿਮਾਰੀ ਚਿਕਨ ਪੌਕਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸ਼ਹਿਰ ਦੇ ਦੋ ਪ੍ਰਾਈਵੇਟ ਸਕੂਲਾਂ ਅਲਾਇੰਸ ਇੰਟਰਨੈਸ਼ਨਲ ਸਕੂਲ ਤੇ ਸ਼ਿਵਾਲਿਕ ਕਿਡਸ ਸਕੂਲ ਵਿੱਚ ਡੀਸੀ ਫ਼ਰੀਦਕੋਟ ਵਿਨੀਤ ਕੁਮਾਰ ਵੱਲੋਂ ਇੱਕ ਹਫ਼ਤੇ ਦੀਆਂ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਤੇ ਬਿਮਾਰੀ ਦੀ ਲਪੇਟ ਵਿੱਚ ਆਏ ਬੱਚਿਆਂ ਨੂੰ ਵੱਖੋ-ਵੱਖ ਕਰਕੇ ਸਿਹਤ ਸਹੂਲਤਾਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ੁੱਕਰਵਾਰ ਦੁਪਹਿਰ ਤੋਂ ਮੁਸਤੈਦ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਆਹਲਾ ਅਧਿਕਾਰੀਆਂ ਤੱਕ ਇਹ ਸੂਚਨਾ ਪਹੁੰਚੀ ਤਾਂ ਡਾ. ਦੀਪਤੀ ਅਰੋੜਾ ਦੀ ਅਗਵਾਈ ਵਿੱਚ ਐਪੀਮੀਓਲੋਜਿਸਟ, ਸਕਿੱਨ ਸਪੈਸ਼ਲਿਟ, ਪੀਡੀਆਟਰੀਸ਼ਨ, ਏਐਨਐਮ, ਆਸ਼ਾ ਵਰਕਰ ਤੇ ਮਾਸ ਮੀਡੀਆ ਟੀਮਾਂ ਵੱਲੋਂ ਸਕੂਲਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜੈਤੋ ਸ਼ਹਿਰ ’ਚ ਬੰਦ ਕੀਤੇ ਗਏ ਦੋ ਸਕੂਲਾਂ ਸਮੇਤ ਕੁੱਲ 17 ਸਕੂਲ ਹਨ ਤੇ ਬਾਕੀ ਦੇ 15 ਸਕੂਲਾਂ ਵਿੱਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਲਾਇੰਸ ਸਕੂਲ ਦੇ 21 ਤੇ ਸ਼ਿਵਾਲਿਕ ਕਿਡਸ ਸਕੂਲ ਦੇ 3 ਬੱਚਿਆਂ ਨੂੰ ਇਸ ਬਿਮਾਰੀ ਨੇ ਆਪਣੀ ਗ੍ਰਿਫ਼ਤ ਵਿੱਚ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮਾਂ ਰਹਿੰਦਿਆਂ ਫੌਰੀ ਅਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆ ਕੇ ਇਲਾਕੇ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਲਿਆ ਗਿਆ ਹੈ। ਬਿਮਾਰੀ ਸਬੰਧੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਅਸਰ 7 ਤੋਂ 14 ਦਿਨਾਂ ਤੱਕ ਰਹਿੰਦਾ ਹੈ ਤੇ ਇਸ ਤੋਂ ਬਾਅਦ ਅਸਰ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਦੋਵੇਂ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰਨ ਤੋਂ ਇਲਾਵਾ ਸਮੁੱਚੇ ਇਲਾਕੇ ਵਿੱਚ ਸਮੁੱਚਾ ਤੰਤਰ ਤਿੱਖੀ ਨਜ਼ਰਸਾਨੀ ਵੀ ਕਰ ਰਿਹਾ ਹੈ। ਸਿਵਲ ਸਰਜਨ ਨੇ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਿਮਾਰੀ ਤੋਂ ਹੋਰ ਬੱਚਿਆਂ ਨੂੰ ਬਚਾਉਣ ਅਤੇ ਹੋਰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ।