Faridkot News: ਪੈਟਰੋਲ ਪੰਪ ਦੇ ਮਾਲਕ ਨੇ ਨੌਜਵਾਨਾਂ 'ਤੇ ਕੀਤੀ ਫਾਇਰਿੰਗ, ਲੱਤ 'ਚ ਵੱਜੀ ਗੋਲੀ
petrol pump: ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਇਸ ਨਾਲ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਲੱਤ 'ਤੇ ਗੋਲੀ ਲੱਗੀ...
Faridkot News: ਪੰਜਾਬ ਵਿੱਚ ਪੈਟਰੋਲ-ਡੀਜ਼ਲ ਨੇ ਭੜਥੂ ਪਾਇਆ ਹੋਇਆ ਹੈ। ਫਰੀਦਕੋਟ ਵਿੱਚ ਪੈਟਰੋਲ ਪੰਪ 'ਤੇ ਤੇਲ ਪਵਾਉਣ ਨੂੰ ਲੈ ਕੇ ਗੋਲੀ ਚੱਲ ਗਈ। ਗੋਲੀ ਲੱਗਣ ਨਾਲ ਤੇਲ ਪਵਾਉਣ ਆਇਆ ਇੱਕ ਸ਼ਖਸ ਜ਼ਖਮੀ ਹੋ ਗਿਆ। ਇਹ ਗੋਲੀ ਪੈਟਰੋਲ ਪੰਪ ਮਾਲਕ ਨੇ ਚਲਾਈ ਹੈ। ਮਾਮਲਾ ਪੈਟਰੋਲ ਪਵਾਉਣ ਆਏ ਨੌਜਵਾਨਾਂ ਨਾਲ ਬਹਿਸ ਮਗਰੋਂ ਵਧ ਗਿਆ।
ਹਾਸਲ ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਵਿੱਚ ਫਰੀਦ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਏ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਨਾਲ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਇਸ ਨਾਲ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਲੱਤ 'ਤੇ ਗੋਲੀ ਲੱਗੀ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿਚ ਭਰਤੀ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਪੀੜਤ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਕਣਕ ਤੇ ਸਪਰੇਅ ਕਰਨੀ ਸੀ ਤੇ ਸਪਰੇਅ ਕਰਨ ਵਾਲੇ ਪੰਪਾਂ ਲਈ ਉਨ੍ਹਾਂ ਦੇ ਲੜਕੇ ਪਿੰਡ ਔਲਖ ਦੇ ਪੈਟਰੋਲ ਪੰਪ ਤੋਂ ਪੈਟਰੋਲ ਲੈਣ ਆਏ ਸਨ। ਜਿੱਥੇ ਪੈਟਰੋਲ ਦੇ ਰੇਟ ਨੂੰ ਲੈ ਕੇ ਪੰਪ ਦੇ ਕਰਿੰਦਿਆਂ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਸੀ।
ਇਸ ਦੌਰਾਨ ਪੰਪ ਮਾਲਕ ਨੇ ਉਨ੍ਹਾਂ ਦੇ ਲੜਕਿਆਂ ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਮਾਲਕ ਵੱਲੋਂ ਕਰੀਬ 5 ਫਾਇਰ ਕੀਤੇ ਗਏ ਜਿਸ ਨਾਲ ਉਨ੍ਹਾਂ ਦੇ ਲੜਕੇ ਅਮਰਿੰਦਰ ਸਿੰਘ ਦੀ ਲੱਤ ਤੇ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਡਿੱਗੇ ਪਏ ਨੌਜਵਾਨ ਦੇ ਸਿਰ ਵਿਚ ਪਾਈਪਾਂ ਤੇ ਪਿਸਟਲ ਦੇ ਬੱਟ ਮਾਰੇ। ਉਨ੍ਹਾਂ ਕਿਹਾ ਕਿ ਪੰਪ ਮਾਲਕ ਨੇ ਉਨ੍ਹਾਂ ਦੇ ਲੜਕਿਆਂ ਨੂੰ ਜਾਨੋ ਮਾਰਨ ਦੀ ਕੋਸਿਸ ਕੀਤੀ ਹੈ। ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ।
ਇਸ ਮੌਕੇ ਗੱਲਬਾਤ ਕਰਦਿਆਂ ਤਫਤੀਸੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਔਲਖ ਦੇ ਪੈਟਰੋਲ ਪੰਪ ਤੇ ਗੋਲੀ ਚੱਲੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚੇ ਤੇ ਪਤਾ ਚਲਿਆਂ ਕਿ ਨੇੜਲੇ ਪਿੰਡ ਘਣੀਏ ਵਾਲਾ ਦੇ ਨੌਜਵਾਨ ਅਮਰਿੰਦਰ ਸਿੰਘ ਦੇ ਲੱਤ ਵਿਚੱ ਗੋਲੀ ਵੱਜੀ ਹੈ। ਉਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।