Farmers Protest: ਹਰਿਆਣਾ ਦੀਆਂ ਹੱਦਾਂ 'ਤੇ ਡਟੇ ਕਿਸਾਨ ਅੱਜ ਕਰਨਗੇ ਅਗਲੀ ਰਣਨੀਤੀ ਦਾ ਐਲਾਨ
Farmers Protest: ਦਿੱਲੀ ਕੂਚ ਲਈ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਪਿਛਲੇ 17 ਦਿਨਾਂ ਤੋਂ ਸ਼ੰਭੂ ਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਸੱਤ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ ਸਭ ਤੋਂ ਛੋਟੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਸਿਰ ’ਚ ਗੋਲੀ ਲੱਗਣ ਕਾਰਨ ਹੋਈ ਸੀ।
Farmers Protest: ਹਰਿਆਣਾ ਦੀਆਂ ਹੱਦਾਂ ਉਪਰ ਡਟੇ ਕਿਸਾਨ ਅੱਜ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਦਿੱਲੀ ਕੂਚ ਲਈ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਪਿਛਲੇ 17 ਦਿਨਾਂ ਤੋਂ ਸ਼ੰਭੂ ਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਸੱਤ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚੋਂ ਸਭ ਤੋਂ ਛੋਟੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਸਿਰ ’ਚ ਗੋਲੀ ਲੱਗਣ ਕਾਰਨ ਹੋਈ ਸੀ।
ਸ਼ੁਭਕਰਨ ਦੀ ਮੌਤ ਸਬੰਧੀ ਉਲੀਕਿਆ ਸੋਗ ਹਫਤਾ ਅੱਜ 29 ਫਰਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਇਸ ਤਹਿਤ ਉਲੀਕੇ ਪ੍ਰੋਗਰਾਮ ਅਧੀਨ ਕਿਸਾਨ ਆਗੂਆਂ ਵੱਲੋਂ 29 ਫਰਵਰੀ ਨੂੰ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉਂਝ ਬਹੁਤੇ ਕਿਸਾਨਾਂ ਦੀ ਇਹੀ ਰਾਏ ਹੈ ਕਿ ਸ਼ੁਭਕਰਨ ਦੇ ਸਸਕਾਰ ਤੱਕ ਦਿੱਲੀ ਕੂਚ ਦੀ ਬਜਾਏ ਅਜੇ ਕੁਝ ਦਿਨ ਹੋਰ ਇੱਥੇ ਹੀ ਡੇਰੇ ਲਾ ਕੇ ਰੱਖੇ ਜਾਣ।
ਦੱਸ ਦਈਏ ਕਿ ਸ਼ੁਭਕਰਨ ਦੀ ਮੌਤ ਉਪਰੰਤ ਕਿਸਾਨ ਆਗੂਆਂ ਵੱਲੋਂ 24 ਫਰਵਰੀ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। 25 ਫਰਵਰੀ ਨੂੰ ਵਿਸ਼ਵ ਵਪਾਰ ਸੰਸਥਾ ਸਬੰਧੀ ਵਿਦਵਾਨਾਂ ਨੇ ਤਕਰੀਰਾਂ ਕੀਤੀਆਂ। 26 ਨੂੰ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਗਏ ਤੇ 27 ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖੋ ਵੱਖਰੇ ਤੌਰ ’ਤੇ ਜਦਕਿ 28 ਨੂੰ ਦੋਵਾਂ ਫੋਰਮਾਂ ਨੇ ਸਾਂਝੀਆ ਮੀਟਿੰਗਾਂ ਕੀਤੀਆਂ। ਇਨ੍ਹਾਂ ਦੋ ਦਿਨਾਂ ਦੌਰਾਨ ਸਾਹਮਣੇ ਆਈ ਸਾਂਝੀ ਰਾਇ ਦੇ ਆਧਾਰ ’ਤੇ ਹੀ ਕਿਸਾਨ ਆਗੂਆਂ ਵੱਲੋਂ ਅੱਜ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।ਸ਼ੁਭਕਰਨ ਵਾਲੀ ਘਟਨਾ ਮਗਰੋਂ ਕਿਸਾਨਾਂ ਵੱਲੋਂ ਢਾਬੀਗੁੱਜਰਾਂ ਵਿੱਚ ਢੁਕਵੇਂ ਪ੍ਰਮੁੱਖ ਆਗੂਆਂ ਦੀ ਘਾਟ ਦਾ ਮਾਮਲਾ ਉਠਾਇਆ ਗਿਆ ਸੀ। ਇਸ ਕਰਕੇ ਹੁਣ ਕਈ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼ੰਭੂ ਤੋਂ ਢਾਬੀਗੁੱਜਰਾਂ ਵਾਲੇ ਮੋਰਚੇ ’ਚ ਚਲੇ ਗਏ ਹਨ।
ਉਧਰ, ਭਾਕਿਯੂ ਡਕੌਂਦਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ 32 ਕਿਸਾਨ ਜਥੇਬੰਦੀਆਂ ’ਤੇ ਆਧਾਰਤ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ 14 ਮਾਰਚ ਨੂੰ ਰਾਮ ਲੀਲਾ ਗਰਾਊਂਡ ਦਿੱਲੀ ਵਿਖੇ ਇੱਕ ਰੋਜਾ ਮਹਾ ਪੰਚਾਇਤ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।