Punjab News: ਬਰਖਾਸਤ AIG ਰਾਜਜੀਤ ਸਿੰਘ ਨੇ ਕੀਤਾ ਕਰੋੜਾਂ ਦਾ ਘਪਲਾ, ਪਤਨੀ ਤੇ ਧੀ ਦੇ ਨਾਂਅ 'ਤੇ ਹੈ ਬੇਹਿਸਾਬੀ ਜਾਇਦਾਦ
ਡਰੱਗਜ਼ ਰੈਕੇਟ ਮਾਮਲੇ 'ਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੇ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਹੁੰਦਲ ਦੀ ਪਤਨੀ ਅਤੇ ਬੇਟੀ ਕੋਲ ਵੀ ਕਰੋੜਾਂ ਦੀ ਜਾਇਦਾਦ ਹੈ।.
Punjab News: ਪੰਜਾਬ ਵਿੱਚ ਡਰੱਗਜ਼ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਕ ਪਾਸੇ ਜਿੱਥੇ ਹੁੰਦਲ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਹੁਣ ਹੁੰਦਲ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਵਿਜੀਲੈਂਸ ਤਰਫ਼ੋਂ ਰਾਜਜੀਤ ਸਿੰਘ ਹੁੰਦਲ ਖ਼ਿਲਾਫ਼ ਮੁਹਾਲੀ ਦੇ ਇੱਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪਤਨੀ ਅਤੇ ਬੇਟੀ ਦੇ ਨਾਂ 'ਤੇ ਕਰੋੜਾਂ ਦੀ ਜਾਇਦਾਦ
ਰਾਜਜੀਤ ਸਿੰਘ ਹੁੰਦਲ ਨੇ ਨਾ ਸਿਰਫ ਆਪਣੀ ਪਤਨੀ ਅਤੇ ਬੇਟੀ ਦੇ ਨਾਂ 'ਤੇ ਕਰੋੜਾਂ ਦੀ ਜਾਇਦਾਦ ਬਣਾਈ ਹੈ। ਸਗੋਂ ਹੁੰਦਲ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਵੀ ਕਰੋੜਾਂ ਦੀ ਜਾਇਦਾਦ ਬਣਾਈ ਹੋਈ ਹੈ। ਪੁਲਿਸ ਹੁੰਦਲ ਦੇ ਸੱਤ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਮੀਨਾਂ ਦੀ ਖਰੀਦ-ਵੇਚ ਲਈ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ।
ਰਾਜਜੀਤ ਸਿੰਘ ਹੁੰਦਲ ਨੇ ਇੰਝ ਕੀਤੀ ਗੜਬੜੀ
ਰਾਜਜੀਤ ਸਿੰਘ ਹੁੰਦਲ ਨੇ ਜ਼ਮੀਨਾਂ ਦੀ ਖਰੀਦ-ਵੇਚ ਦੇ ਮਾਮਲੇ ਵਿੱਚ ਬੜੀ ਚਲਾਕੀ ਨਾਲ ਕੰਮ ਕੀਤਾ। ਰੈਵੇਨਿਊ ਰਿਕਾਰਡ ਵਿੱਚ ਦਿਖਾਇਆ ਗਿਆ ਹੈ ਕਿ ਰਾਜਜੀਤ ਦੀ ਪਤਨੀ ਨੂੰ ਉਸ ਦੇ ਭਰਾਵਾਂ ਵੱਲੋਂ 40 ਲੱਖ ਰੁਪਏ ਦੀ ਜਾਇਦਾਦ ਤੋਹਫ਼ੇ ਵਿੱਚ ਦਿੱਤੀ ਗਈ ਹੈ। ਮੁੱਲਾਪੁਰ ਗਰੀਬਦਾਸ ਵਿੱਚ 500 ਗਜ਼ ਦੇ ਪਲਾਟ ਦੀ ਸਥਿਤੀ ਇਹ ਦੱਸੀ ਗਈ ਹੈ, ਜੋ ਰਾਜਜੀਤ ਨੂੰ ਉਸਦੇ ਦੋਸਤ ਮਨੀ ਸਿੰਘ ਨੇ 20 ਲੱਖ ਰੁਪਏ ਵਿੱਚ ਦਿੱਤਾ ਹੈ। ਮਾਲ ਰਿਕਾਰਡ ਅਨੁਸਾਰ 5 ਕਨਾਲ 14 ਮਰਲੇ ਦਾ ਪਲਾਟ ਰਾਜਜੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਨਾਂ 'ਤੇ ਤਬਦੀਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ।
ਦੱਸ ਦੇਈਏ ਕਿ ਡਰੱਗ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਗ੍ਰਿਫ਼ਤਾਰ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੀਆਂ 14 ਟੀਮਾਂ ਬਣਾਈਆਂ ਗਈਆਂ ਹਨ। ਜਿਸ ਦੀ ਗ੍ਰਿਫ਼ਤਾਰੀ ਲਈ ਛੇ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।