ਚੰਡੀਗੜ੍ਹ 'ਚ ਸੇਬ ਤੇ ਅਨਾਰ ਨਾਲੋਂ ਵੀ ਮਹਿੰਗਾ ਨਿੰਬੂ, 320 ਤੋਂ 350 ਰੁਪਏ ਪ੍ਰਤੀ ਕਿਲੋ ਭਾਅ
ਸੈਕਟਰ 26 ਦੀ ਮੰਡੀ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਰਾਜਾਂ ਵਿੱਚ ਨਿੰਬੂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਚੇਨਈ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਾਫੀ ਨੁਕਸਾਨ ਹੋਇਆ ਹੈ।
Inflation: ਚੰਡੀਗੜ੍ਹ ਵਿੱਚ ਪੈਟਰੋਲ ਤੇ ਡੀਜ਼ਲ ਸਮੇਤ ਸੀਐਨਜੀ ਤੇ ਐਲਪੀਜੀ ਦੇ ਰੇਟ ਵਿੱਚ ਵਾਧੇ ਤੋਂ ਬਾਅਦ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕ ਪ੍ਰੇਸ਼ਾਨ ਹੋ ਗਏ ਹਨ। ਸ਼ਹਿਰ ਵਿੱਚ ਨਿੰਬੂ ਦਾ ਰੇਟ 300 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਿਆ ਹੈ। ਇਸ ਨਾਲ ਹੀ ਘਿਓ ਸਮੇਤ ਕੁਝ ਹੋਰ ਸਬਜ਼ੀਆਂ ਦੇ ਰੇਟ ਵੀ ਵਧ ਗਏ ਹਨ।
ਸ਼ਹਿਰ ਵਿੱਚ ਨਿੰਬੂ ਦਾ ਰੇਟ ਸੇਬ ਤੇ ਅਨਾਰ ਨਾਲੋਂ ਵੱਧ ਹੈ। ਸੈਕਟਰ 26 ਦੀ ਮੰਡੀ ਵਿੱਚ ਨਿੰਬੂ 320 ਤੋਂ 350 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕੁਝ ਦਿਨ ਪਹਿਲਾਂ ਤੱਕ ਨਿੰਬੂ 150 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ। ਅਜਿਹੇ ਵਿੱਚ ਨਿੰਬੂ ਨੇ ਆਮ ਆਦਮੀ ਦੀ ਜੇਬ ਪੂਰੀ ਤਰ੍ਹਾਂ ਨਾਲ ਨਿਚੋੜ ਦਿੱਤੀ ਹੈ।
ਸੈਕਟਰ 26 ਦੀ ਮੰਡੀ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਰਾਜਾਂ ਵਿੱਚ ਨਿੰਬੂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਚੇਨਈ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਨਿੰਬੂ ਇੱਥੋਂ ਆਉਂਦੇ ਹਨ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਨਿੰਬੂ ਦੀ ਕੀਮਤ ਵਧਣ ਦਾ ਦੂਜਾ ਵੱਡਾ ਕਾਰਨ ਢੋਆ-ਢੁਆਈ ਦਾ ਖਰਚਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਨਿੰਬੂ 'ਤੇ ਵੀ ਪੈ ਰਿਹਾ ਹੈ।
ਦੂਜੇ ਪਾਸੇ ਸਾਫਟ ਡਰਿੰਕ ਕੰਪਨੀਆਂ ਕਿਸਾਨਾਂ ਤੋਂ ਉਨ੍ਹਾਂ ਦੇ ਖੇਤਾਂ 'ਚੋਂ ਹੀ ਨਿੰਬੂ ਖਰੀਦ ਰਹੀਆਂ ਹਨ, ਜਿਸ ਕਾਰਨ ਮੰਡੀ 'ਚ ਨਿੰਬੂ ਨਹੀਂ ਪਹੁੰਚ ਰਿਹਾ। ਨਿੰਬੂ ਦੀ ਕੀਮਤ ਵਧਣ ਦਾ ਇੱਕ ਕਾਰਨ ਇਹ ਵੀ ਹੈ। ਨਿੰਬੂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਗਈਆਂ ਹਨ। ਬਾਜ਼ਾਰ ਵਿੱਚ ਘੀਆ 40 ਰੁਪਏ ਕਿਲੋ ਵਿਕ ਰਿਹਾ ਹੈ।
ਮੰਡੀਆਂ ਵਿੱਚ ਔਰਤਾਂ ਨਿੰਬੂ ਖਰੀਦਣ ਤੋਂ ਗੁਰੇਜ਼ ਕਰਦੀਆਂ ਨਜ਼ਰ ਆਈਆਂ। ਦੂਜੇ ਪਾਸੇ ਸਬਜ਼ੀ ਵਿਕਰੇਤਾ ਵੀ ਨਿੰਬੂ ਦਾ ਰੇਟ ਘਟਾਉਣ ਨੂੰ ਤਿਆਰ ਨਹੀਂ ਹਨ। ਅਜਿਹੇ 'ਚ ਲੋਕਾਂ ਦੀ ਰਸੋਈ ਦਾ ਸਵਾਦ ਵੀ ਵਿਗੜਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਤੱਕ ਮਿਰਚਾਂ ਦੇ ਰੇਟ ਵੀ 100 ਰੁਪਏ ਤੋਂ ਉਪਰ ਸਨ। ਫਿਲਹਾਲ ਇਹ 60 ਰੁਪਏ ਤੋਂ ਘੱਟ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ।