Lok sabha Election: ਵੋਟਿੰਗ ਦਾ ਸਮਾਂ ਖਤਮ! ਤਰਨ ਤਾਰਨ 'ਚ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ
Policeman Died: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਲਾਈਨਾਂ 'ਚ ਖੜ੍ਹੇ ਲੋਕ ਹੀ ਵੋਟ ਪਾ ਸਕਣਗੇ। ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ।
Lok sabha Election: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਲਾਈਨਾਂ 'ਚ ਖੜ੍ਹੇ ਲੋਕ ਹੀ ਵੋਟ ਪਾ ਸਕਣਗੇ। ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ। ਇਸੇ ਦੌਰਾਨ ਤਰਨ ਤਾਰਨ ਵਿੱਚ ਬੂਥ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਦੀ ਆਪਣੇ ਹੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਵੋਟਿੰਗ ਦੌਰਾਨ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿੱਚ ਭਿੜ ਗਏ। ਜਲੰਧਰ 'ਚ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ 'ਆਪ' ਵਰਕਰਾਂ ਨੇ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕੀਤੇ। ਇੱਥੇ ਕਾਂਗਰਸ ਤੇ ਭਾਜਪਾ ਆਗੂਆਂ ਵਿਚਾਲੇ ਵੀ ਹੱਥੋਪਾਈ ਵੀ ਹੋਈ।
ਲੁਧਿਆਣਾ 'ਚ ਵੀ ਪੋਲਿੰਗ ਬੂਥ 'ਤੇ ਹੰਗਾਮਾ ਹੋਇਆ। ਕਾਂਗਰਸੀ ਪੋਲਿੰਗ ਏਜੰਟ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਨਾਲ ਉਸ ਨੂੰ ਘੇਰ ਲਿਆ। ਇਸ ’ਤੇ ਕਾਂਗਰਸ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਉਹ ਪਰਾਸ਼ਰ ਦੇ ਘਰ ਵੀ ਗਏ।
ਫ਼ਿਰੋਜ਼ਪੁਰ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ। ਕੰਬੋਜ ਨੇ ਵੋਟ ਪਾਉਣ ਸਮੇਂ ਵੀਡੀਓ ਬਣਾਈ ਸੀ ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ। ਇਸ 'ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ। ਅੰਮ੍ਰਿਤਸਰ 'ਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਬੂਥ ਨੰਬਰ 100 'ਤੇ ਵੋਟਿੰਗ ਮਸ਼ੀਨ ਖਰਾਬ ਹੋ ਗਈ। ਇਸ ਨਾਲ ਲੋਕ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।
ਫਰੀਦਕੋਟ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਕੁਝ ਲੋਕਾਂ ਦੀ ਮਹਿਲਾ ਬੀਐਲਓ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਔਰਤ ਬੇਹੋਸ਼ ਹੋ ਕੇ ਡਿੱਗ ਪਈ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਹੁਣ ਸਥਿਰ ਹੈ। ਅੱਜ ਸਵੇਰੇ ਫਰੀਦਕੋਟ ਵਿੱਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਇਸ ਕਾਰਨ ਉਥੇ ਡਿਊਟੀ 'ਤੇ ਮੌਜੂਦ ਮੁਲਾਜ਼ਮ ਵਾਲ-ਵਾਲ ਬਚੇ।
ਲੁਧਿਆਣਾ, ਗੁਰਦਾਸਪੁਰ ਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਬਠਿੰਡਾ ਵਿੱਚ ਈਵੀਐਮ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।