ਛਪਾਰ ਮੇਲੇ 'ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਅਖਾੜਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਹੜ੍ਹ ਪੀੜਤਾਂ ਨੂੰ ਕੋਈ ਮਦਦ ਨਾ ਪਹੁੰਚਾਉਣ ਦਾ ਇਲਜ਼ਾਮ ਲਾਇਆ। ਉੱਧਰ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਆਰਥਕ ਮੰਦੀ ਨੂੰ ਲੈ ਕੇ ਹਮਲਾ ਬੋਲਿਆ।
ਲੁਧਿਆਣਾ: ਪੰਜਾਬ ਦੇ ਇਤਿਹਾਸਕ ਛਪਾਰ ਮੇਲੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੀ ਸਿਆਸੀ ਕਾਨਫਰੰਸ ਵਿੱਚ ਜੰਮ ਕੇ ਦੂਸ਼ਣਬਾਜ਼ੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਹੜ੍ਹ ਪੀੜਤਾਂ ਨੂੰ ਕੋਈ ਮਦਦ ਨਾ ਪਹੁੰਚਾਉਣ ਦਾ ਇਲਜ਼ਾਮ ਲਾਇਆ। ਉੱਧਰ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਆਰਥਕ ਮੰਦੀ ਨੂੰ ਲੈ ਕੇ ਹਮਲਾ ਬੋਲਿਆ। ਕਾਂਗਰਸ ਦੀ ਸਿਆਸੀ ਕਾਨਫਰੰਸ ਵਿੱਚ ਵਿਧਾਨ ਸਭਾ ਦਾਖਾ ਵਿੱਚ ਉਪ ਚੋਣਾਂ ਸਮੇਤ ਸੂਬੇ ਦੇ ਕਈ ਗੰਭੀਰ ਮੁੱਦੇ ਵਿਚਾਰੇ ਗਏ।
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਆਪ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਆਏ ਸਨ ਪਰ ਉੱਥੇ ਸਰਕਾਰ ਨੇ ਕਿਸੇ ਨੂੰ ਵੀ ਮਦਦ ਨਹੀਂ ਪਹੁੰਚਾਈ। ਦਾਖਾ ਵਿਧਾਨ ਸਭਾ ਸੀਟ ਲਈ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰ ਫਿਰ ਮੂੰਹ ਦੀ ਖਾਣੀ ਪਏਗੀ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਵੀ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਨੇ ਸੂਬੇ ਨੂੰ ਆਈਸੀਯੂ ਦੀ ਸਥਿਤੀ ਵਿੱਚ ਲਿਆ ਕੇ ਰੱਖ ਦਿੱਤਾ ਹੈ।
ਕਾਂਗਰਸ ਵੱਲੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦਾਖਾ ਵਿਧਾਨ ਸਭਾ ਖੇਤਰ ਵਿੱਚ ਉਪ ਚੋਣਾਂ ਲਈ ਉਹ ਬਿਲਕੁਲ ਤਿਆਰ ਹਨ। ਉਨ੍ਹਾਂ ਸਰਕਾਰ ਵੱਲੋਂ ਲਾਗੂ ਨਵੇਂ ਟ੍ਰੈਫਿਕ ਨਿਯਮਾਂ ਦੀ ਨਿੰਦਾ ਕੀਤੀ ਤੇ ਇਸ ਲਈ ਚੰਡੀਗੜ੍ਹ ਸਮੇਤ ਹੋਰ ਸੂਬਿਆਂ ਦੀ ਮਿਸਾਲ ਦਿੱਤੀ। ਸਾਂਸਦ ਰਵਨੀਤ ਬਿੱਟੂ ਨੇ ਇਤਿਹਾਸਕ ਮੇਲਿਆਂ ਵਿੱਚ ਲੋਕਾਂ ਦੀ ਘਟ ਰਹੀ ਗਿਣਤੀ 'ਤੇ ਚਿੰਤਾ ਜਤਾਈ। ਇਸ ਦੇ ਨਾਲ ਹੀ ਉਨ੍ਹਾਂ ਦਾਖਾ ਵਿੱਚ ਉਪ ਚੋਣਾਂ ਸਬੰਧੀ ਕਿਹਾ ਕਿ ਜਿਸ ਕਿਸੇ ਨੂੰ ਵੀ ਟਿਕਟ ਮਿਲੇ, ਪਾਰਟੀ ਦੇ ਹਿੱਤ ਵਿੱਚ ਸਭ ਨੂੰ ਉਸ ਦਾ ਸਮਰਥਨ ਕਰਨਾ ਪਏਗਾ।