ਸਿੱਖਿਆ ਕ੍ਰਾਂਤੀ' ਦਾ ਕਮਾਲ! ਪਖਾਨਿਆਂ ਦੀ ਮੁਰੰਮਤ ਪੂਰੀ ਹੋਣ ਤੋਂ ਪਹਿਲਾਂ ਹੀ ਵਿਧਾਇਕ ਨੇ ਕਰ ਦਿੱਤਾ ਉਦਘਾਟਨ?
ਸਿੱਖਿਆ ਮੰਤਰੀ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ, ਅਕਾਲੀ ਦਲ ਤੇ ਭਾਜਪਾ ਮਿਲ ਕੇ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਾਲਾਂ ਵਿੱਚ ਹੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ...

Punjab News: ਭਗਵੰਤ ਮਾਨ ਸਰਕਾਰ ਵੱਲੋਂ 'ਸਿੱਖਿਆ ਕ੍ਰਾਂਤੀ' ਦੇ ਨਾਂ ਹੇਠ ਪਖਾਨਿਆਂ ਦੇ ਕੀਤੇ ਜਾ ਰਹੇ ਉਦਘਾਟਨ ਮਜ਼ਾਕ ਦਾ ਸਬੱਬ ਬਣਦੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਆਗੂ ਪਖਾਨਿਆਂ ਦੇ ਉਦਘਾਟਨਾਂ ਨੂੰ ਲੈ ਕੇ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਹੁਣ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਕਿਹਾ ਕਿ ਪਖਾਨਿਆਂ ਦੀ ਮੁਰੰਮਤ ਪੂਰੀ ਹੋਣ ਤੋਂ ਪਹਿਲਾਂ ਹੀ ਵਿਧਾਇਕ ਉਦਘਾਟਨ ਕਰ ਗਏ।
ਪਰਗਟ ਸਿੰਘ ਨੇ ਲਿਖਿਆ ਆਮ ਆਦਮੀ ਪਾਰਟੀ 'ਸਿੱਖਿਆ ਕ੍ਰਾਂਤੀ' ਲਿਆਉਣ ਲਈ ਏਨੀ ਕਾਹਲੀ ਵਿੱਚ ਹੈ ਕਿ ਪਖਾਨਿਆਂ ਦੀ ਮੁਰੰਮਤ ਪੂਰੀ ਵੀ ਨਹੀਂ ਹੋਈ ਤੇ ਵਿਧਾਇਕ ਜੀ ਉਦਘਾਟਨ ਪਹਿਲਾਂ ਹੀ ਕਰ ਗਏ! ਅਧੂਰੇ ਕੰਮ ਅਤੇ ਬਿਨਾਂ ਦਰਵਾਜ਼ਿਆਂ ਦੇ ਪਖਾਨਿਆਂ ਨੂੰ ਲੁਕਾਉਣ ਲਈ ਸੋਹਣੀਆਂ ਲਾਲ ਚਾਦਰਾਂ ਨਾਲ ਵਿਧਾਇਕ ਜੀ ਨੇ ਨੀਂਹ ਪੱਥਰ ਨਾਲ ਫੋਟੋ ਖਿਚਵਾ ਲਈ! #ਨੀਂਹ_ਪੱਥਰ_ਕ੍ਰਾਂਤੀ
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ 'ਸਿੱਖਿਆ ਕ੍ਰਾਂਤੀ' ਦੇ ਨਾਂ ਹੇਠ ਉਦਘਾਟਨਾਂ ਉਪਰ ਸਵਾਲ ਉਠਾਏ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਜੀਠਾ ਹਲਕਾ ਦੇ ਪਿੰਡ ਅਬਦਾਲ ਵਿਖੇ ਪਹਿਲਾਂ ਤੋਂ ਹੀ ਬਣੇ ਸਰਕਾਰੀ ਸਮਾਰਟ ਸਕੂਲ ਦਾ ਉਦਘਾਟਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਨੂੰ ਸਰਪੰਚ ਬਾਬਾ ਰਾਮ ਸਿੰਘ ਹੁਣਾਂ ਨੇ ਜ਼ਮੀਨ ਦਾਨ ਕੀਤੀ ਸੀ ਜਿਸ ਕਾਰਨ ਦਸੰਬਰ 2021 ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਉਚੇਚੇ ਤੌਰ ਤੇ ਪਿੰਡ ਅਬਦਾਲ ਦੇ ਸਰਕਾਰੀ ਸਕੂਲ ਵਿਖੇ ਬਾਬਾ ਜੀ ਦਾ ਸਨਮਾਨ ਕਰਕੇ ਗਏ ਸਨ।
ਮਜੀਠੀਆ ਨੇ ਕਿਹਾ ਕਿ ਸਕੂਲ ਵਿੱਚ ਪਹਿਲਾਂ ਹੀ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਆਮ ਆਦਮੀ ਪਾਰਟੀ ਦਾ ਵਲੰਟੀਅਰ ਤੇ ਅਬਦਾਲ ਪਿੰਡ ਦਾ ਨਿਵਾਸੀ ਹੀ ਪਿੰਡ ਦੇ ਸਰਕਾਰੀ ਸਕੂਲ ਦੇ ਸਮਾਰਟ ਹੋਣ ਦੀ ਜਾਣਕਾਰੀ ਦੇ ਰਿਹਾ ਹੈ। ਪਹਿਲਾਂ ਤਾਂ ਸਿਰਫ਼ ਵਿਰੋਧੀ ਧਿਰ ਹੀ ਸਰਕਾਰ ਦੀਆਂ ਨਾਕਾਮੀਆਂ ਬਾਰੇ ਗੱਲ ਕਰਦਾ ਸੀ ਹੁਣ ਤਾਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਵੀ ਇਨ੍ਹਾਂ ਦੇ ਝੂਠ ਤੋਂ ਪਰਦਾ ਚੁੱਕ ਰਿਹਾ ਹੈ। ਮੈਂ ਹਰ ਪੰਜਾਬੀ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਝੂਠ ਨੂੰ ਸਾਹਮਣੇ ਲੈ ਕੇ ਆਓ ਕਿ ਕਿਵੇਂ ਇਹ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ ਤੇ ਲੁੱਟ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪਲਟਵਾਰ
ਉਧਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਖਾਨਿਆਂ ਦੇ ਉਦਘਾਟਨ 'ਤੇ ਸਿਆਸਤ ਨੂੰ ਲੈ ਕੇ ਵਿਰੋਧੀ ਪਾਰਟੀ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤਿੱਖਾ ਜਵਾਬ ਦਿੱਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਪਾਰਟੀਆਂ ਸੂਬੇ ਦੇ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸੂਬੇ ਦੇ 3000 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਲਈ ਬਾਥਰੂਮ ਨਹੀਂ ਸਨ।
ਹਰਜੋਤ ਬੈਂਸ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਸਕੂਲਾਂ ਵਿੱਚ ਪਖਾਨਿਆਂ ਦੀਆਂ ਕੰਧਾਂ 'ਤੇ ਲੱਗੀਆਂ ਨੇਮ ਪਲੇਟਾਂ 'ਤੇ ਸਵਾਲ ਚੁੱਕ ਰਹੀ ਹੈ, ਪਰ ਉਨ੍ਹਾਂ ਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਧੀਆਂ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜਬੂਰ ਸਨ ਤੇ ਪਖਾਨਿਆਂ ਦੀ ਘਾਟ ਕਾਰਨ ਸਕੂਲ ਛੱਡ ਰਹੀਆਂ ਸਨ। ਉਨ੍ਹਾਂ ਕਿਹਾ, "ਕਾਂਗਰਸ ਤੇ ਭਾਜਪਾ ਆਗੂਆਂ ਦੇ ਬੱਚੇ ਜਿੱਥੇ ਪੜ੍ਹਦੇ ਹਨ, ਉਨ੍ਹਾਂ ਸਕੂਲਾਂ ਦੇ ਪਖਾਨਿਆਂ ਵਿੱਚ ਵੀ ਏਸੀ ਲੱਗੇ ਹੋਏ ਹਨ, ਪਰ ਜਦੋਂ ਗਰੀਬਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਬਾਥਰੂਮ ਬਣਾਉਣ ਦਾ ਸਮਾਂ ਵੀ ਨਹੀਂ ਹੈ। ਇਨ੍ਹਾਂ ਪਾਰਟੀਆਂ ਨੇ ਸਾਲਾਂ ਤੋਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਨੂੰ ਹੜੱਪਿਆ ਹੈ ਤੇ ਅੱਜ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਹਨ, ਤਾਂ ਉਹ ਸਾੜਾ ਕਰ ਰਹੇ ਹਨ।"
ਸਿੱਖਿਆ ਮੰਤਰੀ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ, ਅਕਾਲੀ ਦਲ ਤੇ ਭਾਜਪਾ ਮਿਲ ਕੇ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਾਲਾਂ ਵਿੱਚ ਹੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਨੇਮ ਪਲੇਟਾਂ ਨਹੀਂ ਹਨ ਸਗੋਂ ਪੰਜਾਬ ਦੀ ਰਾਜਨੀਤਕ ਅਸਫਲਤਾ ਦੀ ਯਾਦ ਹੈ। ਇਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸਨੇ ਕੰਮ ਕੀਤਾ ਤੇ ਕਿਸਨੇ ਸਿਰਫ਼ ਵਾਅਦੇ ਕੀਤੇ।"






















