ਨਵਜੋਤ ਸਿੱਧੂ ਨੂੰ ਫਿਰ ਮਿਲਿਆ ਹਰੀਸ਼ ਰਾਵਤ ਦਾ ਸਮਰਥਨ, ਕਿਹਾ - ਮੈਂ ਵੀ ਤੁਹਾਡੇ ਜਨ ਅੰਦੋਲਨ 'ਚ ਸਾਥ ਦਿਆਂਗਾ
ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਨਾਲ ਕਿਸਾਨਾਂ ਦੀ ਲੜਾਈ ਖਤਮ ਨਹੀਂ ਹੋਵੇਗੀ।
ਚੰਡੀਗੜ੍ਹ: ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਅਸਤੀਫ਼ੇ ਬਾਰੇ ਹਾਈਕਮਾਨ ਨੇ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ। ਨਵਜੋਤ ਸਿੱਧੂ ਨੇ ਵੀ ਇਸ ਬਾਰੇ ਅਜੇ ਕੁਝ ਸਪਸ਼ਟ ਨਹੀਂ ਕੀਤਾ ਪਰ ਉਹ ਮੁੜ ਐਕਟਿਵ ਹੋਣ ਲੱਗੇ ਹਨ। ਉਧਰ ਸਿੱਧੂ ਨੂੰ ਹਾਈਕਮਾਨ ਦਾ ਸਾਥ ਵੀ ਮਿਲਣ ਲੱਗਾ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਸਮਰਥਨ ਦਿੱਤਾ ਹੈ। ਸਿੱਧੂ ਨੇ ਮੰਗਲਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕਿ ਜੇਕਰ ਲਖੀਮਪੁਰ ਖੀਰੀ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਉੱਥੇ ਮਾਰਚ ਕਰੇਗੀ। ਇਸ ਨੂੰ ਰੀਟਵੀਟ ਕਰਦਿਆਂ ਹਰੀਸ਼ ਰਾਵਤ ਨੇ ਲਿਖਿਆ, "ਨਵਜੋਤ ਜੀ ਇਹ ਬਹੁਤ ਵਧੀਆ ਫ਼ੈਸਲਾ ਹੈ। ਵਧਾਈਆਂ, ਇਹ ਉਹ ਕਾਂਗਰਸ ਹੈ ਜਿਸ ਦੀ ਸਾਨੂੰ ਲੋੜ ਹੈ। ਮੈਂ ਵੀ ਲਖੀਮਪੁਰ ਖੀਰੀ ਤੇ ਸੀਤਾਪੁਰ 'ਚ ਤੁਹਾਡੇ ਜਨ ਅੰਦੋਲਨ 'ਚ ਸਾਥ ਦਿਆਂਗਾ।"
ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਨਾਲ ਕਿਸਾਨਾਂ ਦੀ ਲੜਾਈ ਖਤਮ ਨਹੀਂ ਹੋਵੇਗੀ। ਜੇਕਰ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ। ਪਿਛਲੇ ਦਿਨੀਂ ਨਵਜੋਤ ਸਿੱਧੂ ਅਚਾਨਕ ਇਸ ਮਾਮਲੇ ਦੇ ਸਬੰਧ 'ਚ ਚੰਡੀਗੜ੍ਹ ਦੇ ਰਾਜ ਭਵਨ ਦੇ ਬਾਹਰ ਧਰਨੇ 'ਤੇ ਬੈਠ ਗਏ ਸਨ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਹਾਲਾਂਕਿ ਸ਼ਾਮ ਨੂੰ ਸਿੱਧੂ ਨੂੰ ਰਿਹਾਅ ਕਰ ਦਿੱਤਾ ਗਿਆ।
If, by tomorrow, the Union Minister’s son behind the brutal murder of Farmers is not arrested, and our leader @PriyankaGandhi being unlawfully arrested, fighting for farmers is not released, the Punjab Congress will march towards Lakhimpur Kheri ! @INCIndia @INCPunjab
— Navjot Singh Sidhu (@sherryontopp) October 5, 2021
ਨਵਜੋਤ ਸਿੱਧੂ ਦੇ ਟਵੀਟ ਨੂੰ ਹਰੀਸ਼ ਰਾਵਤ ਨੇ ਰੀਟਵੀਟ ਕਰਦੇ ਹੋਏ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ। ਹਰੀਸ਼ ਰਾਵਤ ਸ਼ੁਰੂ ਤੋਂ ਹੀ ਨਵਜੋਤ ਸਿੱਧੂ ਦੇ ਸਮਰਥਨ 'ਚ ਰਹੇ ਹਨ। ਜਦੋਂ ਤੋਂ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ ਹੈ, ਰਾਵਤ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਦੇ ਨੇਤਾ ਕਹਿ ਰਹੇ ਹਨ। ਰਾਵਤ ਨੇ ਸਿੱਧੂ ਨੂੰ ਪ੍ਰਧਾਨਗੀ ਦੀ ਕੁਰਸੀ ਤਕ ਪਹੁੰਚਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ।
Navjot ji this is a great decision. Congratulations, this is the Congress we need. I shall too join you in your mass movement to Lakhimpur kheeri and Sitapur.#किसान_एकता_जिंदाबाद@INCIndia @RahulGandhi @priyankagandhi @sherryontopp @CHARANJITCHANNI https://t.co/Tc3YUOlS3v
— Harish Rawat (@harishrawatcmuk) October 5, 2021
ਸਿੱਧੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਨਾ ਸੁਣ ਕੇ ਹੰਕਾਰ ਦਿਖਾ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਜਦੋਂ ਕਿਸਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਪ੍ਰਿਅੰਕਾ ਗਾਂਧੀ ਨਾਲ ਬਦਸਲੂਕੀ ਕੀਤੀ। ਸਿੱਧੂ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਨਾੜੀਆਂ 'ਚ ਖੂਨ ਵੱਗਦਾ ਰਹੇਗਾ, ਸੰਘਰਸ਼ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਸਹਾਰਨਪੁਰ ਨੇੜੇ ਰੋਕ ਲਿਆ ਸੀ। ਸੀਐਮ ਚਰਨਜੀਤ ਸਿੰਘ ਚੰਨੀ ਨੂੰ ਉਥੋਂ ਦੇ ਪ੍ਰਸ਼ਾਸਨ ਵੱਲੋਂ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ। ਹੁਣ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਮਾਰਚ ਕਰੇਗੀ।