ਆਮ ਆਦਮੀ ਕਲੀਨਿਕਾਂ ਵਿੱਚ ਜਲਦ ਨਿਯੁਕਤ ਹੋਵੇਗਾ ਨਵਾਂ ਸਟਾਫ : ਡਾ. ਬਲਬੀਰ ਸਿੰਘ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਦਾ ਸਿਹਤ ਵਿਭਾਗ ਸਿਹਤ ਸਵੈ-ਸੰਭਾਲ ਲਈ ਹੋਰ ਕਾਰਗਰ ਕਦਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ‘ਸੰਪੂਰਨ ਸਿਹਤ ਦੇਖਭਾਲ’ (ਹੋਲਿਸਟਿਕ ਹੈਲਥ ਕੇਅਰ) ਪ੍ਰਦਾਨ ਕਰਨ ਲਈ ਅਗਲਾ ਕਦਮ ਚੁੱਕਣ ਜਾ ਰਿਹਾ ਹੈ।
Punjab News : ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਵਿੱਚ ਜਲਦ ਹੀ ਨਵਾਂ ਸਟਾਫ ਨਿਯੁਕਤ ਕੀਤਾ ਜਾਵੇਗਾ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਨਵਾਂਸ਼ਹਿਰ ਦੀ ਆਪਣੀ ਫੇਰੀ ਦੌਰਾਨ ਕੀਤਾ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਦਾ ਸਿਹਤ ਵਿਭਾਗ ਸਿਹਤ ਸਵੈ-ਸੰਭਾਲ ਲਈ ਹੋਰ ਕਾਰਗਰ ਕਦਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ‘ਸੰਪੂਰਨ ਸਿਹਤ ਦੇਖਭਾਲ’ (ਹੋਲਿਸਟਿਕ ਹੈਲਥ ਕੇਅਰ) ਪ੍ਰਦਾਨ ਕਰਨ ਲਈ ਅਗਲਾ ਕਦਮ ਚੁੱਕਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਡਲ ਤਹਿਤ ਸਰਕਾਰੀ ਸਿਹਤ ਕੇਂਦਰਾਂ ਦੇ ਅਹਾਤੇ ਵਿੱਚ 'ਗਾਰਡਨ ਆਫ਼ ਵੈਲਨੈੱਸ’ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਜਾਵਟੀ ਫੁੱਲ, ਸੁਗੰਧਿਤ ਔਸ਼ਧੀ ਪੌਦੇ, ਟਹਿਲਕਦਮੀ ਲਈ ਟਰੈਕ, ਮੈਡੀਕੇਸ਼ਨ-ਕਮ-ਯੋਗਾ ਕੇਂਦਰ, ਓਪਨ ਏਅਰ ਜਿੰਮ ਅਤੇ ਫਿਜ਼ਿਓਥਰੈਪੀ ਯੂਨਿਟ ਹੋਣਗੇ ਜੋ ਕਿ ਤੰਦਰੁਸਤ ਜੀਵਨ ਸ਼ੈਲੀ ਦਾ ਅਧਾਰ ਬਣਨਗੇ। ਉਨ੍ਹਾਂ ਕਿਹਾ ਕਿ ਸੁੱਜੋਂ ਪੀ ਐਚ ਸੀ ਨੂੰ ਪੰਜਾਬ ਦੇ ਪਹਿਲੇ ‘ਗਾਰਡਨ ਆਫ਼ ਵੈਲਨੈਸ’ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਹੋਰਨਾਂ ਲਈ ਆਦਰਸ਼ ਨਮੂਨੇ ਵਜੋਂ ਪੇਸ਼ ਕੀਤਾ ਜਾ ਸਕੇ।
ਨਵਾਂਸ਼ਹਿਰ ’ਚ ਆਪਣੇ ਜੱਦੀ ਪਿੰਡ ਭੌਰਾ ਦੇ ਨਾਲ ਲੱਗਦੇ ਸੁੱਜੋਂ ਪ੍ਰਾਇਮਰੀ ਹੈਲਥ ਸੈਂਟਰ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹਿੰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਇਸ ਨੂੰ ਇਲਾਕੇ ਦੇ ਵਸਨੀਕਾਂ ਨੂੰ ਵਧੀਆ ਤਰੀਕੇ ਨਾਲ ਇਲਾਜ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਜ਼ਿਕਰ ਕਰ ਦਈਏ ਕਿ ਇਸ ਦੌਰਾਨ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਡਿਸਟ੍ਰਿਕਟ ਰੈਜੀਡੈਂਸੀ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇਗਾ, ਜਿਸ ਨਾਲ ਜ਼ਿਲ੍ਹਾ ਹਸਪਤਾਲ ਵਿਚ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨਾਲ ਹੀ ਸਬ ਡਵੀਜ਼ਨ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਸਮੇਤ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਸਾਰੀਆਂ ਪੋਸਟਾਂ ਨੂੰ ਜਲਦ ਭਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਆਮ ਆਦਮੀ ਕਲੀਨਿਕਾਂ ਵਿੱਚ ਨਵਾਂ ਸਟਾਫ ਨਿਯੁਕਤ ਕੀਤਾ ਜਾਵੇਗਾ।