PMS SC Scholarship Scam:ਬਾਜਵਾ ਨੇ ਮੰਗਿਆ ਧਰਮਸੋਤ ਦਾ ਅਸਤੀਫਾ, ਸੋਨੀਆ ਗਾਂਧੀ ਨੂੰ ਵੀ ਲਿੱਖਣਗੇ ਚਿੱਠੀ
ਸ਼ੁਕਰਵਾਰ ਨੂੰ ਪ੍ਰਤਾਪ ਬਾਜਵਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ PPCC ਚੀਫ ਅਤੇ ਕਾਂਗਰਸੀ ਰਾਜ ਸਭਾ ਐਮਪੀ ਪ੍ਰਤਾਪ ਬਾਜਵਾ ਲਗਾਤਾਰ ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕਦੇ ਆ ਰਹੇ ਹਨ।ਤਾਜ਼ਾ ਮਾਮਲਾ ਪੋਸਟ ਮੈਟ੍ਰਿਕ ਵਜੀਫ਼ਾ ਘੁਟਾਲੇ ਨਾਲ ਸਬੰਧਿਤ ਹੈ।ਸ਼ੁਕਰਵਾਰ ਨੂੰ ਪ੍ਰਤਾਪ ਬਾਜਵਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਬਾਜਵਾ ਨੇ ਕਿਹਾ ਕਥਿਤ ਘੁਟਾਲੇ ਵਿੱਚ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਪੋਸਟ ਮੈਟ੍ਰਿਕ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਫੰਡਾਂ ਦੀ ਵੰਡ ਵਿੱਚ ਹੋਏ ਘੁਟਾਲੇ ਬਾਰੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਗਿਆ ਪੱਤਰ ਕੁਝ ਅਜਿਹੇ ਤੱਥ ਸਾਹਮਣੇ ਲਿਆਉਂਦਾ ਹੈ ਜੋ ਬਹੁਤ ਹੀ ਨਿਰਾਸ਼ਾਜਨਕ ਹਨ।
ਉਨ੍ਹਾਂ ਕਿਹਾ ਕਿ ਉਹ ਏਆਈਸੀਸੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਉਣ ਲਈ ਲਿਖਣਗੇ।ਉਨ੍ਹਾਂ ਕਿਹਾ ਕਿ 248.11 ਕਰੋੜ ਰੁਪਏ ਦੇ ਫੰਡ ਗ਼ਲਤ ਢੰਗ ਨਾਲ ਖਰਚ ਕੀਤੇ ਗਏ ਹਨ।ਦਰਅਸਲ, 39 ਕਰੋੜ ਰੁਪਏ ਬਿਨਾਂ ਸਹਿਯੋਗੀ ਦਸਤਾਵੇਜ਼ਾਂ ਅਤੇ ਸ਼ਾਇਦ ਉਨ੍ਹਾਂ ਕਾਲਜਾ ਵਿਚ ਵੰਡੇ ਗਏ ਹਨ ਜੋ ਮੌਜੂਦ ਹੀ ਨਹੀਂ ਹਨ। ਇਹ ਰਿਪੋਰਟ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਇੱਕ ਅੰਦਰੂਨੀ ਜਾਂਚ ਦਾ ਨਤੀਜਾ ਹੈ।
ਉਨ੍ਹਾਂ ਅੱਗੇ ਕਿਹਾ ਕੇ ਇਹ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੀ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਖਰਚ ਕੀਤੇ ਜਾਣ ਵਾਲੇ ਪੈਸੇ ਦੀ ਵਿਭਾਗ ਵਲੋਂ ਦੁਰਵਰਤੋਂ ਕੀਤੀ ਗਈ ਹੈ।ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵੱਟ ਪਈ ਹੈ।
ਬਾਜਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਮਾਣਯੋਗ ਜੱਜ ਵਲੋਂ ਕੀਤੀ ਜਾਣੀ ਚਾਹੀਦੀ ਹੈ।ਜਾਂਚ ਦੌਰਾਨ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਮੰਤਰਾਲੇ ਦੇ ਕੰਮਕਾਜ ਤੋਂ ਅਸਤੀਫਾ ਦੇਣਾ ਚਾਹੀਦਾ ਹੈ।