Punjab News: ਪੰਜਾਬ ਦੇ ਸਾਬਕਾ ਮੰਤਰੀ ਨੂੰ ਕਲੀਨ ਚਿਟ 'ਤੇ ਰਾਜਨੀਤਿਕ ਬਵਾਲ: ਬਾਦਲ ਨੇ ਕਿਹਾ– ਦਿੱਲੀ ਦੀ AAP ਲੌਬੀ ਨੇ ਦਬਾਅ ਬਣਾਇਆ ਹੋਵੇਗਾ...
ਪੰਜਾਬ ਦੇ ਸਾਬਕਾ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਬਰੀ ਹੋਣ ਵਾਲੇ ਹਨ। ਪੁਲਿਸ ਨੂੰ ਉਨ੍ਹਾਂ ਦੇ ਖ਼ਿਲਾਫ ਜਾਂਚ ਦੌਰਾਨ ਕੋਈ ਵੀ ਸਬੂਤ ਨਹੀਂ ਮਿਲੇ। 14 ਜੁਲਾਈ ਨੂੰ ਅਗਲੀ ਸੁਣਵਾਈ ਦੌਰਾਨ ਪੁਲਿਸ ਵੱਲੋਂ ਮੋਹਾਲੀ ਅਦਾਲਤ ਵਿੱਚ..

Punjab News: ਪੰਜਾਬ ਦੇ ਸਾਬਕਾ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਬਰੀ ਹੋਣ ਵਾਲੇ ਹਨ। ਪੁਲਿਸ ਨੂੰ ਉਨ੍ਹਾਂ ਦੇ ਖ਼ਿਲਾਫ ਜਾਂਚ ਦੌਰਾਨ ਕੋਈ ਵੀ ਸਬੂਤ ਨਹੀਂ ਮਿਲੇ। 14 ਜੁਲਾਈ ਨੂੰ ਅਗਲੀ ਸੁਣਵਾਈ ਦੌਰਾਨ ਪੁਲਿਸ ਵੱਲੋਂ ਮੋਹਾਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕੀਤੀ ਜਾਵੇਗੀ। ਸਾਬਕਾ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਪ੍ਰਦੀਪ ਕੁਮਾਰ ਨੂੰ ਵੀ ਕਲੀਨ ਚਿਟ ਮਿਲ ਸਕਦੀ ਹੈ।
ਸਿੰਗਲਾ ਦੇ ਬਰੀ ਹੋਣ ਦੀ ਖ਼ਬਰ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਗਰਮ ਹੋ ਗਿਆ ਹੈ। ਵਿਰੋਧੀ ਧਿਰ ਨੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੂੰ ਘੇਰਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸਿੰਗਲਾ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗਣ 'ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਦ ਤੋਂ ਹਟਾਇਆ ਸੀ।
ਪੰਜਾਬ ਵਿੱਚ AAP ਦੀ ਸਰਕਾਰ ਬਣਨ ਦੇ ਦੋ ਮਹੀਨਿਆਂ ਦੇ ਅੰਦਰ, ਮਈ 2022 ਵਿੱਚ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਸਰਕਾਰੀ ਇੰਜੀਨੀਅਰ ਰਜਿੰਦਰ ਸਿੰਘ ਨੇ ਸਾਬਕਾ ਮੰਤਰੀ ਅਤੇ ਉਸ ਦੇ OSD ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਸਾਬਕਾ ਮੰਤਰੀ ਦੇ OSD ਪ੍ਰਦੀਪ ਕੁਮਾਰ ਨੇ 58 ਕਰੋੜ ਰੁਪਏ ਦੇ ਕੰਮਾਂ ਦੇ ਠੇਕਿਆਂ 'ਤੇ 1% ਕਮੀਸ਼ਨ (ਲਗਭਗ 1.16 ਕਰੋੜ ਰੁਪਏ) ਦੀ ਮੰਗ ਕੀਤੀ ਸੀ। ਇਸ ਵਿੱਚ ਠੇਕੇਦਾਰਾਂ ਨੂੰ ਪਹਿਲਾਂ ਹੀ ਅਦਾ ਕੀਤੇ 17 ਕਰੋੜ ਰੁਪਏ ਵੀ ਸ਼ਾਮਲ ਸਨ।
ਪੰਜਾਬ ਪੁਲਿਸ ਦੀ ਮੋਹਾਲੀ ਵਿਜੀਲੈਂਸ ਵਿੰਗ ਵਿੱਚ FIR ਦਰਜ ਹੋਣ ਤੋਂ ਪਹਿਲਾਂ ਇਸ ਮਾਮਲੇ ਦਾ ਮੁੱਖ ਮੰਤਰੀ ਮਾਨ ਨੇ ਖੁਦ ਐਕਸ਼ਨ ਲਿਆ। ਉਨ੍ਹਾਂ ਨੇ ਅਫਸਰ ਨੂੰ ਭਰੋਸੇ ਵਿੱਚ ਲਿਆ ਅਤੇ ਕਮੀਸ਼ਨ ਮੰਗਣ ਦੀ ਰਿਕਾਰਡਿੰਗ ਕਰਨ ਲਈ ਕਿਹਾ। ਜਦੋਂ ਅਫਸਰ ਨੇ ਰਿਕਾਰਡਿੰਗ ਪੇਸ਼ ਕੀਤੀ ਤਾਂ ਮੁੱਖ ਮੰਤਰੀ ਮਾਨ ਨੇ ਤਤਕਾਲੀ ਮੰਤਰੀ ਨੂੰ ਬੁਲਾਇਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਰਿਕਾਰਡਿੰਗ ਸੁਣਨ ਤੋਂ ਬਾਅਦ ਸਿੰਗਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਿੰਗਲਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ।
ਮਾਨ ਨੇ ਕਿਹਾ ਸੀ– ਮੈਂ ਚਾਹੁੰਦਾ ਤਾਂ ਮਾਮਲੇ ਨੂੰ ਦਬਾਅ ਸਕਦਾ ਸੀ
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ, "ਮੇਰੇ ਧਿਆਨ ਵਿੱਚ ਇਹ ਮਾਮਲਾ ਆਇਆ। ਇਸ ਵਿੱਚ ਮੇਰੀ ਸਰਕਾਰ ਦੇ ਇੱਕ ਮੰਤਰੀ ਵੱਲੋਂ ਹਰ ਟੈਂਡਰ ਜਾਂ ਉਸ ਵਿਭਾਗ ਦੀ ਖਰੀਦ-ਫਰੋਖਤ ਵਿੱਚ 1% ਕਮਿਸ਼ਨ ਮੰਗੀ ਜਾ ਰਹੀ ਸੀ। ਇਹ ਮਾਮਲਾ ਸਿਰਫ਼ ਮੈਨੂੰ ਪਤਾ ਸੀ। ਮੈਂ ਚਾਹੁੰਦਾ ਤਾਂ ਇਸਨੂੰ ਦਬਾਅ ਸਕਦਾ ਸੀ, ਪਰ ਇਸ ਨਾਲ ਲੋਕਾਂ ਦਾ ਭਰੋਸਾ ਟੁੱਟ ਜਾਂਦਾ। ਮੈਂ ਉਸ ਮੰਤਰੀ ਦੇ ਖ਼ਿਲਾਫ ਕਠੋਰ ਕਾਰਵਾਈ ਕਰ ਰਿਹਾ ਹਾਂ। ਉਸਨੂੰ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸਦੇ ਖ਼ਿਲਾਫ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।"
ਡਾ. ਵਿਜੈ ਸਿੰਗਲਾ ਨੂੰ ਕਲੀਨ ਚਿੱਟ ਮਿਲਣ ਦੀਆਂ ਖਬਰਾਂ ਤੋਂ ਬਾਅਦ AAP ਅਤੇ CM ਮਾਨ 'ਤੇ ਵਿਰੋਧੀ ਧਿਰ ਹਮਲਾਵਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਸਬੂਤਾਂ ਦਾ ਕੀ ਹੋਇਆ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੇ ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਸੀ ਅਤੇ ਉਸ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਸੀ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੰਤਰੀ ਨੇ ਉਨ੍ਹਾਂ ਦੇ ਸਾਹਮਣੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ। ਹੁਣ ਅਜਿਹਾ ਲੱਗਦਾ ਹੈ ਕਿ AAP ਦੀ ਦਿੱਲੀ ਲੌਬੀ ਨੇ ਜਾਂਚ ਏਜੰਸੀਆਂ ਨੂੰ ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦੇਣ ਲਈ ਮਜਬੂਰ ਕਰ ਦਿੱਤਾ ਹੈ। AAP ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਹੀ ਕਿਸੇ ਵਿਅਕਤੀ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ। ਜਦਕਿ, ਉਹ ਵਿਰੋਧੀ ਧਿਰ ਵਿਰੁੱਧ ਸਾਜ਼ਿਸ਼ਾਂ ਰਚ ਰਹੀ ਹੈ। ਇਸ ਮਾਮਲੇ ਨੂੰ ਰਾਜ ਤੋਂ ਬਾਹਰ ਤਬਦੀਲ ਕਰਨ ਅਤੇ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਉਣ ਦੀ ਲੋੜ ਹੈ, ਤਾਂ ਜੋ ਨਿਆਂ ਨੂੰ ਯਕੀਨੀ ਬਣਾਇਆ ਜਾ ਸਕੇ।




















